ਪੰਜਾਬ ਸਰਕਾਰ ਦੇ ਤਾਜ਼ਾ ਫ਼ੈਸਲੇ ਨਾਲ ਇਕ ਵਾਰ ਫਿਰ ਬੈਲ ਗੱਡੀਆਂ ਦੀਆਂ ਦੌੜਾਂ ਦੀ ਵਾਪਸੀ ਦਾ ਰਾਹ ਖੁਲ੍ਹ ਗਿਆ ਹੈ। ਲੁਧਿਆਣਾ ਦੇ ਇਤਿਹਾਸਕ ਕਿਲਾ ਰਾਏਪੁਰ ਪੇਂਡੂ ਓਲੰਪਿਕ ਵਿੱਚ ਇਹ ਰਵਾਇਤੀ ਮੁਕਾਬਲੇ ਲਗਭਗ 11 ਸਾਲਾਂ ਬਾਅਦ ਮੁੜ ਦੇਖਣ ਨੂੰ ਮਿਲਣਗੇ। ਜੇਕਰ ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਕੋਈ ਨਵੀਂ ਕਾਨੂੰਨੀ ਰੁਕਾਵਟ ਸਾਹਮਣੇ ਨਾ ਆਈ ਤਾਂ ਇਹ ਦੌੜਾਂ 30 ਜਨਵਰੀ ਤੋਂ 1 ਫਰਵਰੀ ਤੱਕ ਹੋਣ ਵਾਲੇ ਪੇਂਡੂ ਓਲੰਪਿਕ ਦਾ ਮੁੱਖ ਆਕਰਸ਼ਣ ਬਣਨਗੀਆਂ।
ਗੌਰਤਲਬ ਹੈ ਕਿ 2014 ਵਿੱਚ ਸੁਪਰੀਮ ਕੋਰਟ ਵੱਲੋਂ ਜਾਨਵਰਾਂ ’ਤੇ ਜ਼ੁਲਮ ਰੋਕੂ ਐਕਟ 1960 ਦੇ ਹਵਾਲੇ ਨਾਲ ਬੈਲ ਗੱਡੀਆਂ ਦੀਆਂ ਦੌੜਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਕਾਰਨ ਕਿਲਾ ਰਾਏਪੁਰ ਸਮੇਤ ਦੇਸ਼ ਭਰ ਵਿੱਚ ਇਹ ਖੇਡ ਰੁਕ ਗਈ ਸੀ। ਇਸ ਪਾਬੰਦੀ ਨਾਲ ਪੇਂਡੂ ਓਲੰਪਿਕ ਦੀ ਪਛਾਣ ਨੂੰ ਵੀ ਵੱਡਾ ਝਟਕਾ ਲੱਗਿਆ ਸੀ, ਕਿਉਂਕਿ ਬੈਲ ਗੱਡੀਆਂ ਦੀਆਂ ਦੌੜਾਂ ਇਨ੍ਹਾਂ ਖੇਡਾਂ ਦਾ ਦਿਲ ਮੰਨੀਆਂ ਜਾਂਦੀਆਂ ਸਨ।
ਹੁਣ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਕੇ ਇਸ ਰਵਾਇਤੀ ਖੇਡ ਲਈ ਕਾਨੂੰਨੀ ਰਾਹ ਪੱਧਰਾ ਕੀਤਾ ਗਿਆ ਹੈ। ਸਰਕਾਰ ਦੇ ਇਸ ਕਦਮ ਨਾਲ ਪੇਂਡੂ ਓਲੰਪਿਕ ਦੇ ਸਭ ਤੋਂ ਵੱਡੇ ਆਕਰਸ਼ਣਾਂ ਵਿੱਚੋਂ ਇਕ ਦੀ ਵਾਪਸੀ ਸੰਭਵ ਹੋ ਸਕੀ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਬੈਲ ਗੱਡੀਆਂ ਦੀਆਂ ਦੌੜਾਂ ਸਖ਼ਤ ਨਿਯਮਾਂ ਅਤੇ ਸ਼ਰਤਾਂ ਅਧੀਨ ਕਰਵਾਈਆਂ ਜਾਣਗੀਆਂ, ਤਾਂ ਜੋ ਜਾਨਵਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਕਈ ਸਾਲਾਂ ਤੋਂ ਪੰਜਾਬ ਸਰਕਾਰ ਪੇਂਡੂ ਓਲੰਪਿਕ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਅਤੇ ਹੁਣ ਇਸ ਫ਼ੈਸਲੇ ਨਾਲ ਕਿਲਾ ਰਾਏਪੁਰ ਖੇਡ ਮੇਲੇ ਦੀ ਰੌਣਕ ਮੁੜ ਲੌਟਣ ਦੀ ਉਮੀਦ ਜਤਾਈ ਜਾ ਰਹੀ ਹੈ। ਪਿੰਡਾਂ ਦੀ ਰਵਾਇਤ, ਖੇਡਾਂ ਅਤੇ ਸਭਿਆਚਾਰ ਨਾਲ ਜੁੜੀ ਇਹ ਵਾਪਸੀ ਲੋਕਾਂ ਵਿੱਚ ਖਾਸ ਉਤਸ਼ਾਹ ਪੈਦਾ ਕਰ ਰਹੀ ਹੈ।







