ਪਠਾਨਕੋਟ ਦੇ ਸ਼ਾਂਤ ਬਿਹਾਰ ਕਲੋਨੀ ਵਿੱਚ ਨਗਰ ਨਿਗਮ ਵੱਲੋਂ ਨਾਜਾਇਜ਼ ਘੋਸ਼ਿਤ ਕਰਕੇ ਸੀਲ ਕੀਤੀ ਗਈ ਕਲੋਨੀ ਵਿੱਚ ਮੁੜ ਤੋਂ ਨਿਰਮਾਣ ਕੰਮ ਸ਼ੁਰੂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲਣ ’ਤੇ ਜਦੋਂ ਨਗਰ ਨਿਗਮ ਦੇ ਕਰਮਚਾਰੀ ਕੰਮ ਬੰਦ ਕਰਵਾਉਣ ਲਈ ਮੌਕੇ ’ਤੇ ਪਹੁੰਚੇ, ਤਾਂ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਗਿਆ ਅਤੇ ਉਥੋਂ ਭਜਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪਠਾਨਕੋਟ ਵਿੱਚ ਕਈ ਥਾਵਾਂ ’ਤੇ ਨਾਜਾਇਜ਼ ਕਲੋਨੀਆਂ ਦੀ ਉਸਾਰੀ ਕੀਤੀ ਗਈ ਹੈ। ਨਗਰ ਨਿਗਮ ਵੱਲੋਂ ਕਈ ਕਲੋਨੀਆਂ ਨੂੰ ਸੀਲ ਕਰਕੇ ਉਥੇ ਕੰਮ ਵੀ ਬੰਦ ਕਰਵਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਕੁਝ ਕਲੋਨੀ ਮਾਲਕ ਨਗਰ ਨਿਗਮ ਦੇ ਹੁਕਮਾਂ ਨੂੰ ਅਣਡਿੱਠਾ ਕਰਦੇ ਹੋਏ ਨਿਰਮਾਣ ਕੰਮ ਜਾਰੀ ਰੱਖੇ ਹੋਏ ਹਨ। ਇਸ ਕਾਰਨ ਨਗਰ ਨਿਗਮ ਦੀ ਕਾਰਜ ਪ੍ਰਣਾਲੀ ’ਤੇ ਵੀ ਸਵਾਲ ਖੜੇ ਹੋ ਰਹੇ ਹਨ।
ਇਸ ਮਾਮਲੇ ਸਬੰਧੀ ਨਗਰ ਨਿਗਮ ਦੇ ਏਟੀਪੀ ਨਰੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਾਂਤ ਬਿਹਾਰ ਕਲੋਨੀ ਵਿੱਚ ਕੰਮ ਚੱਲ ਰਿਹਾ ਹੈ, ਜਦਕਿ ਇਹ ਕਲੋਨੀ ਨਗਰ ਨਿਗਮ ਵੱਲੋਂ ਪਹਿਲਾਂ ਹੀ ਸੀਲ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੰਮ ਰੁਕਵਾਉਣ ਲਈ ਮੁਲਾਜ਼ਮ ਭੇਜੇ ਗਏ ਸਨ, ਪਰ ਕਲੋਨੀ ਨਾਲ ਜੁੜੇ ਲੋਕਾਂ ਨੇ ਮੁਲਾਜ਼ਮਾਂ ਨਾਲ ਦੁਰਵਿਹਾਰ ਕੀਤਾ।
ਏਟੀਪੀ ਨਰੇਸ਼ ਨੇ ਦੱਸਿਆ ਕਿ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਾਜਾਇਜ਼ ਕਲੋਨੀ ਉਸਾਰੀ ਕਰਨ ਵਾਲਿਆਂ ਦੇ ਖਿਲਾਫ ਕਮਿਸ਼ਨਰ ਨੂੰ ਐਫਆਈਆਰ ਦਰਜ ਕਰਨ ਲਈ ਲਿਖਤੀ ਸਿਫ਼ਾਰਸ਼ ਕੀਤੀ ਗਈ ਹੈ। ਨਗਰ ਨਿਗਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਨਾਜਾਇਜ਼ ਉਸਾਰੀਆਂ ਖਿਲਾਫ ਸਖ਼ਤ ਕਾਰਵਾਈ ਜਾਰੀ ਰਹੇਗੀ।







