ਚੰਡੀਗੜ੍ਹ, 21 ਜਨਵਰੀ 2026 — ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਬਜ਼ੁਰਗਾਂ ਦੀ ਸੰਭਾਲ ਅਤੇ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਮਾਨਸਾ ਵਿਖੇ ਸੀਨੀਅਰ ਸਿਟੀਜ਼ਨ ਹੋਮ ‘ਸਤਿਕਾਰ ਘਰ’ ਦਾ ਉਦਘਾਟਨ ਕੀਤਾ। ਇਹ ਸਹੂਲਤ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਉਹਨਾਂ ਬਜ਼ੁਰਗਾਂ ਲਈ ਸ਼ੁਰੂ ਕੀਤੀ ਗਈ ਹੈ ਜੋ ਪਰਿਵਾਰਕ ਸਹਾਇਤਾ ਤੋਂ ਵੰਜੇ ਹਨ, ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ, ਸਨਮਾਨਜਨਕ ਅਤੇ ਰਹਾਇਸ਼ੀ ਦੇਖਭਾਲ ਮੁਹੱਈਆ ਕਰਵਾਈ ਜਾ ਸਕੇ।
‘ਸਤਿਕਾਰ ਘਰ’ ਪਹਿਲਕਦਮੀ ਜ਼ਿਲ੍ਹਾ ਪੱਧਰ ’ਤੇ ਬਜ਼ੁਰਗਾਂ ਦੀ ਦੇਖਭਾਲ, ਸੁਰੱਖਿਆ ਅਤੇ ਭਾਵਨਾਤਮਕ ਸਹਾਇਤਾ ਨੂੰ ਯਕੀਨੀ ਬਣਾਉਣ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਲੰਮੇ ਸਮੇਂ ਤੋਂ ਸੰਸਥਾਗਤ ਸਹਾਇਤਾ ਦੀ ਉਡੀਕ ਕਰ ਰਹੇ ਬਜ਼ੁਰਗਾਂ ਲਈ ਸਰਕਾਰ ਵੱਲੋਂ ਸਮਰਪਿਤ ਰਹਾਇਸ਼ੀ ਸੇਵਾਵਾਂ ਉਪਲਬਧ ਕਰਵਾ ਕੇ ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ।
ਮਾਨਸਾ ਵਿਖੇ 28 ਕਨਾਲ ਰਕਬੇ ਵਿੱਚ ਤਿਆਰ ਕੀਤਾ ਗਿਆ ਇਹ ਸੀਨੀਅਰ ਸਿਟੀਜ਼ਨ ਹੋਮ ਲਗਭਗ 9 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਤਿੰਨ ਮੰਜ਼ਿਲਾ ਇਮਾਰਤ ਵਿੱਚ ਕੁੱਲ 72 ਬਜ਼ੁਰਗਾਂ ਦੇ ਠਹਿਰਣ ਦੀ ਸਮਰੱਥਾ ਹੈ। ਹਰ ਮੰਜ਼ਿਲ ’ਤੇ ਇਕਸਾਰ ਸਹੂਲਤਾਂ ਹਨ ਅਤੇ ਸੱਤ ਕਮਰਿਆਂ ਵਿੱਚ 24 ਬਜ਼ੁਰਗਾਂ ਲਈ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਪਹੁੰਚਯੋਗਤਾ, ਆਰਾਮ ਅਤੇ ਬਰਾਬਰੀ ਨੂੰ ਯਕੀਨੀ ਬਣਾਇਆ ਗਿਆ ਹੈ।
ਬਜ਼ੁਰਗਾਂ ਦੀ ਸੁਚਾਰੂ ਦੇਖਭਾਲ ਅਤੇ ਸੰਸਥਾ ਦੇ ਪ੍ਰਭਾਵਸ਼ਾਲੀ ਚਲਾਣ ਲਈ 19 ਅਸਾਮੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 24 ਘੰਟੇ ਸਹਾਇਤਾ ਅਤੇ ਰੋਜ਼ਾਨਾ ਲੋੜਾਂ ਦੀ ਪੂਰਤੀ ਯਕੀਨੀ ਬਣਾਉਣ ਲਈ ਆਊਟਸੋਰਸਡ ਸਟਾਫ਼ ਰਾਹੀਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਜੀਵਨ ਦੇ ਹਰ ਪੜਾਅ ’ਤੇ ਨਾਗਰਿਕਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ‘ਸਤਿਕਾਰ ਘਰ’ ਦਾ ਉਦਘਾਟਨ ਪੰਜਾਬ ਸਰਕਾਰ ਦੇ ਸਮਾਵੇਸ਼ੀ ਸ਼ਾਸਨ ਅਤੇ ਬਜ਼ੁਰਗਾਂ ਦੀ ਸੰਭਾਲ ਪ੍ਰਤੀ ਗੰਭੀਰ ਸੋਚ ਨੂੰ ਪ੍ਰਗਟ ਕਰਦਾ ਹੈ। ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਸੰਸਥਾਵਾਂ ਨੂੰ ਮਜ਼ਬੂਤ ਕਰਕੇ ਬਜ਼ੁਰਗਾਂ ਲਈ ਮਾਣ, ਦੇਖਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ‘ਸਤਿਕਾਰ ਘਰ’ ਇੱਕ ਮਹੱਤਵਪੂਰਨ ਕਦਮ ਵਜੋਂ ਸਾਹਮਣੇ ਆਇਆ ਹੈ।







