Homeਪੰਜਾਬਚਾਈਨਾ ਡੋਰ ਮਾਮਲੇ ’ਚ ਬਠਿੰਡਾ ਪੁਲਿਸ ਦੀ ਨਰਮੀ ਸਵਾਲਾਂ ’ਚ, ਦੋਸ਼ੀ ਥਾਣਿਆਂ...

ਚਾਈਨਾ ਡੋਰ ਮਾਮਲੇ ’ਚ ਬਠਿੰਡਾ ਪੁਲਿਸ ਦੀ ਨਰਮੀ ਸਵਾਲਾਂ ’ਚ, ਦੋਸ਼ੀ ਥਾਣਿਆਂ ਤੋਂ ਹੀ ਜਮਾਨਤ ’ਤੇ ਰਿਹਾ

ਬਠਿੰਡਾ, 21 ਜਨਵਰੀ 2026 — ਪਤੰਗ ਉਡਾਉਣ ਲਈ ਨੌਜਵਾਨਾਂ ਵਿਚ ਪ੍ਰਸਿੱਧ ਪਰ ਜਾਨਲੇਵਾ ਮੰਨੀ ਜਾਂਦੀ ਚਾਈਨਾ ਡੋਰ ਦੇ ਮਾਮਲੇ ’ਚ ਬਠਿੰਡਾ ਪੁਲਿਸ ਦੀ ਕਾਰਵਾਈ ਇਕ ਵਾਰ ਫਿਰ ਸ਼ੱਕ ਦੇ ਘੇਰੇ ’ਚ ਆ ਗਈ ਹੈ। ਦੋਸ਼ ਹੈ ਕਿ ਖਤਰਨਾਕ ਚਾਈਨਾ ਡੋਰ ਬਰਾਮਦ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਫੜੇ ਗਏ ਵਿਅਕਤੀਆਂ ਨੂੰ ਥਾਣਿਆਂ ’ਚ ਹੀ ਜਮਾਨਤ ਦੇ ਕੇ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਉਹ ਬਾਹਰ ਆ ਕੇ ਪਹਿਲਾਂ ਨਾਲੋਂ ਵੀ ਵੱਧ ਧੜੱਲੇ ਨਾਲ ਇਹ ਡੋਰ ਵੇਚਣ ਲੱਗ ਪੈਂਦੇ ਹਨ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦਸੰਬਰ ਤੋਂ 17 ਜਨਵਰੀ ਤੱਕ ਬਠਿੰਡਾ ਪੁਲਿਸ ਨੇ ਚਾਈਨਾ ਡੋਰ ਵੇਚਣ ਦੇ ਮਾਮਲੇ ’ਚ ਕਰੀਬ 10 ਲੋਕਾਂ ਨੂੰ ਗ੍ਰਿਫਤਾਰ ਕੀਤਾ। ਹਾਲਾਂਕਿ ਮੁਕੱਦਮੇ ਦਰਜ ਕਰਨ ਤੋਂ ਬਾਅਦ ਸ਼ਾਮ ਤੱਕ ਸਾਰਿਆਂ ਨੂੰ ਥਾਣਿਆਂ ਤੋਂ ਹੀ ਜਮਾਨਤ ਦੇ ਕੇ ਘਰ ਭੇਜ ਦਿੱਤਾ ਗਿਆ। ਇਨ੍ਹਾਂ ਕੇਸਾਂ ’ਚ ਪੁਲਿਸ ਵੱਲੋਂ ਮੁੱਖ ਤੌਰ ’ਤੇ ਬੀਐਨਐਸ ਦੀ ਧਾਰਾ 223 ਲਗਾਈ ਗਈ, ਜੋ ਕਿ ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਨਾਲ ਸਬੰਧਿਤ ਹੈ। ਇਸ ਧਾਰਾ ਹੇਠ ਨਾ ਸਿਰਫ ਥਾਣੇ ’ਚ ਜਮਾਨਤ ਮਿਲ ਜਾਂਦੀ ਹੈ, ਸਗੋਂ ਸਜ਼ਾ ਵੀ ਛੇ ਮਹੀਨੇ ਤੋਂ ਇੱਕ ਸਾਲ ਤੱਕ ਸੀਮਤ ਹੈ।

ਦਿਲਚਸਪ ਗੱਲ ਇਹ ਹੈ ਕਿ ਪਿਛਲੇ ਸਾਲ ਤੱਕ ਬਠਿੰਡਾ ਪੁਲਿਸ ਅਜਿਹੇ ਮਾਮਲਿਆਂ ’ਚ ਇਨਵਾਇਰਮੈਂਟ (ਪ੍ਰਟੈਕਸ਼ਨ) ਐਕਟ 1986 ਦੀਆਂ ਕਰੜੀਆਂ ਧਾਰਾਵਾਂ ਲਗਾ ਕੇ ਦੋਸ਼ੀਆਂ ਨੂੰ ਜੇਲ੍ਹ ਭੇਜ ਰਹੀ ਸੀ, ਜਿੱਥੇ ਜਮਾਨਤ ਸਿਰਫ ਅਦਾਲਤ ਤੋਂ ਹੀ ਮਿਲਦੀ ਸੀ ਅਤੇ ਸਜ਼ਾ-ਜੁਰਮਾਨਾ ਵੀ ਕਾਫੀ ਸਖ਼ਤ ਹੁੰਦਾ ਸੀ।

ਜਾਣਕਾਰੀ ਮੁਤਾਬਕ ਸਿਰਫ ਇੱਕ ਮਾਮਲੇ ’ਚ ਹੀ ਇਨਵਾਇਰਮੈਂਟ ਐਕਟ ਦੀ ਧਾਰਾ 15 ਲਗਾ ਕੇ ਮੁਲਜ਼ਮ ਨੂੰ ਜੇਲ੍ਹ ਭੇਜਿਆ ਗਿਆ। ਸਿਵਲ ਲਾਈਨ ਪੁਲਿਸ ਨੇ ਧੋਬੀਆਣਾ ਬਸਤੀ ਤੋਂ ਅਕਾਸ਼ ਨੂੰ 20 ਗੱਟੂ ਚਾਈਨਾ ਡੋਰ ਸਮੇਤ ਫੜ ਕੇ ਬੀਐਨਐਸ ਦੀ ਧਾਰਾ 223 ਅਤੇ ਇਨਵਾਇਰਮੈਂਟ ਐਕਟ ਤਹਿਤ ਕੇਸ ਦਰਜ ਕੀਤਾ। ਇਸ ਤੋਂ ਇਲਾਵਾ ਹੋਰ ਕਈ ਮਾਮਲਿਆਂ ’ਚ ਸਿਰਫ ਧਾਰਾ 223 ਲਗਾ ਕੇ ਦੋਸ਼ੀਆਂ ਨੂੰ ਥਾਣਿਆਂ ਤੋਂ ਹੀ ਰਿਹਾ ਕਰ ਦਿੱਤਾ ਗਿਆ।

ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਧਾਰਾਵਾਂ ਲਗਾਈਆਂ ਜਾਣ ਅਤੇ ਮਿਸਾਲੀ ਸਜ਼ਾਵਾਂ ਦਿਵਾਈਆਂ ਜਾਣ, ਤਾਂ ਜੋ ਇਸ ਜਾਨਲੇਵਾ ਰੁਝਾਨ ’ਤੇ ਰੋਕ ਲੱਗ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments