ਧੂਰੀ, 20 ਜਨਵਰੀ 2026 (ਮਨੋਜ ਵਰਮਾ) : ਰਿਜਨਲ ਟਰਾਂਸਪੋਰਟ ਦਫਤਰ, ਸੰਗਰੂਰ ਦੇ ਦਫਤਰ ਵੱਲੋਂ ਸੜਕ ਸੁਰੱਖਿਆ ਮਾਹ ਮਨਾਉਂਦੇ ਹੋਏ ਟਰੱਕ ਯੂਨੀਅਨ ਧੂਰੀ ਅਤੇ ਕੇ.ਆਰ.ਬੀ. ਐਲ. ਧੂਰੀ ਵਿਖੇ ਟਰੱਕ ਓਪਰੇਟਰਾਂ ਅਤੇ ਡਰਾਈਵਰਾਂ ਨੂੰ ਸੜਕੀ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਮੌਕੇ ‘ਤੇ ਟਰੱਕਾਂ ਉੱਪਰ ਰਿਫਲੈਕਟਰ ਵੀ ਲਗਾਏ ਗਏ।

ਇਸ ਸਮੇਂ ਰਿਜਨਲ ਟਰਾਸਪੋਰਟ ਅਫਸਰ, ਸੰਗਰੂਰ, ਸ਼੍ਰੀ ਕਰਨਬੀਰ ਸਿੰਘ ਛੀਨਾ ਨੇ ਦੱਸਿਆ ਕਿ ਉਹਨਾਂ ਵੱਲੋਂ ਸੰਗਰੂਰ ਜ਼ਿਲ੍ਹੇ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਅਤੇ ਵੱਡੇ ਅਦਾਰਿਆਂ ਵਿੱਚ ਨਿੱਜੀ ਪੱਧਰ ‘ਤੇ ਜਾ ਕੇ ਅਤੇ ਆਪਣੇ ਦਫਤਰ ਵੱਲੋਂ ਟੀਮ ਭੇਜ ਕੇ ਡਰਾਇਵਰਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸਿਹਤ ਵਿਭਾਗ ਵੱਲੋਂ ਅੱਖਾਂ ਦੇ ਮਾਹਿਰ ਡਾਕਟਰ ਸੋਨੀਕਾ ਬਾਂਸਲ ਵੱਲੋਂ ਡਰਾਈਵਰਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ।
ਇਸ ਸਮੇਂ ਟਰਾਂਸਪੋਰਟ ਵਿਭਾਗ ਵੱਲੋਂ ਸ਼੍ਰੀ ਗੁਰਜੀਤ ਸਿੰਘ ਸਹਾਇਕ ਟਰਾਂਸਪੋਰਟ ਅਫਸਰ ਸੰਗਰੂਰ ਅਤੇ ਸ਼੍ਰੀ ਹਰਦੇਵ ਸਿੰਘ ਏ.ਐਸ.ਆਈ. ਟਰੈਫਿਕ ਵਿੰਗ ਸੰਗਰੂਰ ਅਤੇ ਸ਼੍ਰੀ ਸਤਨਾਮ ਸਿੰਘ ਇੰਚਾਰਜ ਟਰੈਫਿਕ ਪੁਲਿਸ ਧੂਰੀ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਰਿਜਨਲ ਟਰਾਂਸਪੋਰਟ ਅਫਸਰ ਸ਼੍ਰੀ ਕਰਨਬੀਰ ਸਿੰਘ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਦਫਤਰ ਵੱਲੋਂ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਕੈਂਪ ਸਮੇਂ-ਸਮੇਂ ‘ਤੇ ਪਹਿਲਾਂ ਵੀ ਸਕੂਲਾਂ ਅਤੇ ਟਰੱਕ ਯੂਨੀਅਨਾਂ ਵਿੱਚ ਲਗਾਏ ਜਾਂਦੇ ਹਨ, ਪ੍ਰੰਤੂ ਜਨਵਰੀ ਮਹੀਨਾ ਸੜਕ ਸੁਰੱਖਿਆ ਦਾ ਮਹੀਨਾ ਹੋਣ ਕਾਰਨ ਉਹਨਾਂ ਦੇ ਦਫਤਰ ਵੱਲੋ ਇਸ ਮਹੀਨੇ ਜ਼ਿਲ੍ਹੇ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਅਤੇ ਵੱਡੀਆਂ ਸੰਸਥਾਵਾਂ ਵਿੱਚ ਕੈਂਪ ਲਗਾਉਣ ਸਬੰਧੀ ਗਤੀਵਿਧੀਆਂ ਜਾਰੀ ਰਹਿਣਗੀਆਂ।
ਉਹਨਾਂ ਵੱਲੋਂ ਦੱਸਿਆ ਗਿਆ ਕਿ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਸੰਗਰੂਰ ਜ਼ਿਲ੍ਹੇ ਵਿੱਚ ਟਰਾਂਸਪੋਰਟ ਵਿਭਾਗ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
ਇਸ ਮੌਕੇ ਡਾ. ਸੋਨੀਕਾ ਬਾਂਸਲ ਨੇ ਦੱਸਿਆ ਕਿ ਉਹਨਾਂ ਵੱਲੋਂ ਡਰਾਈਵਰਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਗਿਆ ਅਤੇ ਮੌਕੇ ‘ਤੇ ਦਵਾਈਆਂ ਲਿਖ ਕੇ ਦਿੱਤੀਆਂ ਗਈਆਂ, ਜੋ ਕਿ ਸਰਕਾਰੀ ਹਸਪਤਾਲ ਵਿੱਚ ਮੁਫਤ ਮੁਹਈਆ ਕਰਵਾਈਆਂ ਜਾਣਗੀਆਂ।







