Homeਪੰਜਾਬ12 ਪਾਂਜੇ 48’ ਤੋਂ ‘ਯੁੱਧ ਖ਼ਿਲਾਫ਼ ਨਸ਼ਾ’ ਤੱਕ: ਸੋਸ਼ਲ ਮੀਡੀਆ ’ਤੇ ਕਾਂਗਰਸੀ...

12 ਪਾਂਜੇ 48’ ਤੋਂ ‘ਯੁੱਧ ਖ਼ਿਲਾਫ਼ ਨਸ਼ਾ’ ਤੱਕ: ਸੋਸ਼ਲ ਮੀਡੀਆ ’ਤੇ ਕਾਂਗਰਸੀ ਆਗੂ ਟਰੋਲਿੰਗ ਦੇ ਨਿਸ਼ਾਨੇ ’ਤੇ

ਬਠਿੰਡਾ, 20 ਜਨਵਰੀ 2026: ਪੰਜਾਬ ਦੀ ਸਿਆਸਤ ਵਿੱਚ ਸੋਸ਼ਲ ਮੀਡੀਆ ਇਕ ਵਾਰ ਫਿਰ ਗਰਮਾਇਆ ਹੋਇਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਣੇ ਬਿਆਨਾਂ ਕਾਰਨ ਸੋਸ਼ਲ ਮੀਡੀਆ ’ਤੇ ਟਰੋਲਿੰਗ ਦਾ ਸ਼ਿਕਾਰ ਬਣੇ ਹੋਏ ਹਨ। ਖ਼ਾਸ ਕਰਕੇ ਰਾਜਾ ਵੜਿੰਗ ਵੱਲੋਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਨਾ ਮਿਲਣ ਦੇ ਮਸਲੇ ’ਤੇ ਦਿੱਤੇ ਗਏ ਭਾਸ਼ਣ ਦੌਰਾਨ “12 ਪਾਂਜੇ 48” ਵਾਲੀ ਗਲਤੀ ਨੇ ਉਨ੍ਹਾਂ ਨੂੰ ਟਿੱਚਰਾਂ ਦਾ ਕੇਂਦਰ ਬਣਾ ਦਿੱਤਾ ਹੈ।

ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਪੰਜਾਬ ਸਰਕਾਰ ’ਤੇ ਹਮਲਾ ਕਰਦੇ ਹੋਏ ਚਾਰ ਸਾਲਾਂ ਦੇ ਬਕਾਇਆ ਦੀ ਗੱਲ ਕੀਤੀ ਸੀ। ਉਹ “12 ਚੌਕੇ 48” ਕਹਿਣਾ ਚਾਹੁੰਦੇ ਸਨ, ਪਰ ਜੁਬਾਨ ਫਿਸਲਣ ਕਾਰਨ “12 ਪਾਂਜੇ” ਬੋਲ ਗਏ। ਇਸ ਤੋਂ ਬਾਅਦ ਕਿਸੇ ਵੱਲੋਂ “48” ਕਹਿਣ ’ਤੇ ਉਨ੍ਹਾਂ ਨੇ ਵੀ ਉਹੀ ਦੁਹਰਾ ਦਿੱਤਾ। ਇਹ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਟਰੋਲਿੰਗ ਦੀ ਹਨੇਰੀ ਆ ਗਈ।

ਇਸ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਅੰਗਮਈ ਅੰਦਾਜ਼ ’ਚ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਉਂਦੇ ਨਜ਼ਰ ਆਏ। ਇੱਕ ਰੀਲ੍ਹ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਕੂਲ ਇਸ ਲਈ ਖੋਲੇ ਗਏ ਹਨ ਤਾਂ ਜੋ ਬੱਚੇ ਪੜ੍ਹਾਈ ਕਰ ਸਕਣ ਅਤੇ ਕਿਧਰੇ “12 ਪਾਂਜੇ 36” ਨਾ ਬਣ ਜਾਣ।

ਇਸ ਤੋਂ ਇਲਾਵਾ, ਰਾਜਾ ਵੜਿੰਗ ਵੱਲੋਂ ਅਬੋਹਰ ਵਿੱਚ ਮਸ਼ਹੂਰ ਟੇਲਰਿੰਗ ਹਾਊਸ ਵੀਅਰਵੈਲ ਦੇ ਮਾਲਕ ਦੀ ਹੱਤਿਆ ਦਾ ਜ਼ਿਕਰ ਕਰਦਿਆਂ “12 ਛਾਤੀਆਂ ਗੋਲੀ ਮਾਰੀਆਂ” ਵਾਲੀ ਜੁਬਾਨੀ ਗਲਤੀ ਦੀ ਰੀਲ੍ਹ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਫੈਲ ਰਹੀ ਹੈ। ਲਗਾਤਾਰ ਹੋ ਰਹੀ ਟਰੋਲਿੰਗ ਕਾਰਨ ਸੰਜੀਦਾ ਕਾਂਗਰਸੀ ਆਗੂਆਂ ਵਿੱਚ ਚਿੰਤਾ ਹੈ ਕਿ ਇਸ ਨਾਲ ਪਾਰਟੀ ਦੀ ਛਵੀ ਨੂੰ ਨੁਕਸਾਨ ਪਹੁੰਚ ਰਿਹਾ ਹੈ।

ਮਾਮਲਾ ਸਿਰਫ ਰਾਜਾ ਵੜਿੰਗ ਤੱਕ ਹੀ ਸੀਮਤ ਨਹੀਂ ਰਿਹਾ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਵੀ ਇੱਕ ਰੀਲ੍ਹ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ “ਨਸ਼ਿਆਂ ਖ਼ਿਲਾਫ਼ ਯੁੱਧ” ਦੀ ਥਾਂ “ਯੁੱਧ ਖ਼ਿਲਾਫ਼ ਨਸ਼ਾ” ਕਹਿੰਦੇ ਸੁਣਾਈ ਦੇ ਰਹੇ ਹਨ।

ਹਾਲਾਂਕਿ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਈ ਵੀਡੀਓਜ਼ ਜਾਂ ਰੀਲ੍ਹਾਂ ਏਆਈ ਦੀ ਮਦਦ ਨਾਲ ਐਡਿਟ ਕੀਤੀਆਂ ਹੋ ਸਕਦੀਆਂ ਹਨ, ਜਿਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਪਰ ਇਹ ਸਪਸ਼ਟ ਹੈ ਕਿ ਜਿਸ ਸੋਸ਼ਲ ਮੀਡੀਆ ਨੂੰ ਸਿਆਸੀ ਨੇਤਾ ਆਪਣੀ ਕਿਸਮਤ ਦੀ ਕੁੰਜੀ ਸਮਝਦੇ ਸਨ, ਉਹੀ ਹੁਣ ਉਨ੍ਹਾਂ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ।

ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਆਹਟ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਸ਼ੁਰੂ ਹੋਇਆ ਇਹ ਭੰਡੀ ਪ੍ਰਚਾਰ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿਆਸੀ ਜੰਗ ਦਾ ਮੈਦਾਨ ਵੱਡੀ ਹੱਦ ਤੱਕ ਡਿਜ਼ਿਟਲ ਪਲੇਟਫਾਰਮ ਹੀ ਬਣਨ ਵਾਲਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments