ਘਰੋਂ ਹੀ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖਰਾ ਕਰਨਾ ਵਾਤਾਵਰਨ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ- ਡਾ. ਰੀਨਾ ਚੱਢਾ

ਪਟਿਆਲਾ, 19 ਜਨਵਰੀ (ਛਤਰਪਾਲ ਸਿੰਘ) : ਪਟਿਆਲਾ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੀ ਦਿਸ਼ਾ ਵਿੱਚ ਨਗਰ ਨਿਗਮ ਪਟਿਆਲਾ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਪੰਜਾਬ ਪਲਾਸਟਿਕ ਵੇਸਟ ਮੈਨੇਜਮੈਂਟ ਸੋਸਾਇਟੀ ਅਤੇ ਇੰਡੀਆਨ ਪ੍ਰਦੂਸ਼ਣ ਕੰਟਰੋਲ ਐਸੋਸੀਏਸ਼ਨ ਵੱਲੋਂ ਨਗਰ ਨਿਗਮ ਦੀ ਟੀਮ ਨਾਲ ਮਿਲ ਕੇ ਪਟਿਆਲਾ ਵਿੱਚ ਪਲਾਸਟਿਕ ਅਤੇ ਕੂੜਾ ਪ੍ਰਬੰਧਨ ਸਬੰਧੀ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ।
ਇਹ ਜਾਗਰੂਕਤਾ ਸੈਸ਼ਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰਵਾਏ ਗਏ, ਜਿਸਦਾ ਮੁੱਖ ਮਕਸਦ ਵਿਦਿਆਰਥੀਆਂ, ਸਫ਼ਾਈ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਪਲਾਸਟਿਕ ਦੇ ਨੁਕਸਾਨਾਂ ਅਤੇ ਠੀਕ ਤਰੀਕੇ ਨਾਲ ਕੂੜਾ ਵੱਖਰਾ ਕਰਨ ਬਾਰੇ ਜਾਣਕਾਰੀ ਦੇਣਾ ਸੀ। ਇਹ ਸੈਸ਼ਨ ਸਰਕਾਰੀ ਗਰਲਜ਼ ਸਕੂਲ, ਵਾਰਡ ਨੰਬਰ 28 (ਲੀਲਾ ਭਵਨ ਨੇੜੇ), ਐਮਆਰਐਫ਼ ਸੈਂਟਰ ਵਾਰਡ ਨੰਬਰ 55 ਵਿੱਚ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਲਈ, ਅਤੇ ਸੇਂਟ ਪੀਟਰਜ਼ ਅਕੈਡਮੀ ਵਾਰਡ ਨੰਬਰ 55 ਵਿੱਚ ਆਯੋਜਿਤ ਕੀਤੇ ਗਏ।
ਇਸ ਮੌਕੇ ਡਾ. ਰੀਨਾ ਚੱਢਾ (ਜੀਐਮ, ਇੰਡੀਆਨ ਪ੍ਰਦੂਸ਼ਣ ਕੰਟਰੋਲ ਐਸੋਸੀਏਸ਼ਨ) ਨੇ ਹਾਜ਼ਰੀਨ ਨੂੰ ਕੂੜੇ ਦੀ ਵੱਖਰੀਕਰਨ ਪ੍ਰਕਿਰਿਆ, ਰੀਸਾਈਕਲਿੰਗ ਦੇ ਲਾਭ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘਟਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਰੋਂ ਹੀ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖਰਾ ਕਰਨਾ ਵਾਤਾਵਰਨ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਕੂੜਾ ਪ੍ਰਬੰਧਨ ਪ੍ਰਣਾਲੀ ਹੋਰ ਪ੍ਰਭਾਵਸ਼ਾਲੀ ਬਣਦੀ ਹੈ।
ਪ੍ਰੋਗਰਾਮ ਦੀ ਸਫਲਤਾ ਵਿੱਚ ਸਕੂਲ ਪ੍ਰਸ਼ਾਸਨ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। ਇਸ ਦੌਰਾਨ ਪ੍ਰਿੰਸੀਪਲ ਸਤੀਸ਼ ਕੁਮਾਰ ਗੋਇਲ ਅਤੇ ਫਾਦਰ ਮਾਈਕਲ ਕਾਲਿਨਜ਼ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਸੁਰੱਖਿਆ ਲਈ ਅੱਗੇ ਆਉਣ ਦਾ ਸੰਦੇਸ਼ ਦਿੱਤਾ ਗਿਆ।
ਨਗਰ ਨਿਗਮ ਪਟਿਆਲਾ ਵੱਲੋਂ ਇਸ ਮੌਕੇ ਕਮਿਊਨਿਟੀ ਫੈਸਲੀਟੇਟਰ ਗਗਨਦੀਪ ਕੌਰ ਅਤੇ ਮੋਹਿੰਦਰਜੀਤ ਕੌਰ ਦੇ ਨਾਲ ਨਾਲ ਮੋਟੀਵੇਟਰ ਰੂਬੀ, ਜਸ਼ਨ, ਦਲਜੀਤ ਅਤੇ ਮਾਹੀ ਕੌਰ ਦੀ ਭਾਗੀਦਾਰੀ ਵੀ ਵਿਸ਼ੇਸ਼ ਰਹੀ। ਉਨ੍ਹਾਂ ਨੇ ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨ ਅਤੇ ਸਾਫ਼-ਸੁਥਰਾ ਪਟਿਆਲਾ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ।
ਨਗਰ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੇ, ਤਾਂ ਜੋ ਪਟਿਆਲਾ ਨੂੰ ਪ੍ਰਦੂਸ਼ਣ ਮੁਕਤ ਅਤੇ ਸਿਹਤਮੰਦ ਸ਼ਹਿਰ ਬਣਾਇਆ ਜਾ ਸਕੇ।







