ਬਠਿੰਡਾ, 18 ਜਨਵਰੀ 2025 — ਬਠਿੰਡਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵਾਰ-ਵਾਰ ਚੇਤਾਵਨੀਆਂ, ਮੁਹਿੰਮਾਂ ਅਤੇ ਕਾਨੂੰਨੀ ਕਾਰਵਾਈਆਂ ਦੇ ਬਾਵਜੂਦ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਰੁਕਣ ਦਾ ਨਾਮ ਨਹੀਂ ਲੈ ਰਹੀ। ਪਾਬੰਦੀਸ਼ੁਦਾ ਅਤੇ ਜਾਨਲੇਵਾ ਮੰਨੀ ਜਾਂਦੀ ਇਸ ਡੋਰ ਕਾਰਨ ਲੋਕਾਂ ਦੇ ਨੱਕ, ਹੱਥ, ਬਾਂਹਾਂ, ਮੱਥੇ, ਠੋਡੀਆਂ, ਉਂਗਲੀਆਂ ਅਤੇ ਇੱਥੋਂ ਤੱਕ ਕਿ ਗਰਦਨਾਂ ਤੱਕ ਕੱਟੀਆਂ ਜਾ ਰਹੀਆਂ ਹਨ।
ਪਤੰਗਬਾਜੀ ਦੇ ਦਿਨਾਂ ਦੌਰਾਨ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਚਾਈਨਾ ਡੋਰ ਨਾਲ ਜੁੜੇ ਜਖ਼ਮੀ ਮਾਮਲਿਆਂ ਵਿੱਚ ਖਾਸਾ ਵਾਧਾ ਦੇਖਿਆ ਜਾਂਦਾ ਹੈ। ਅੰਕੜਿਆਂ ਮੁਤਾਬਕ ਬਠਿੰਡਾ ਜ਼ਿਲ੍ਹੇ ਵਿੱਚ ਸਾਲ 2024 ਦੌਰਾਨ 15 ਅਤੇ 2025 ਵਿੱਚ 22 ਮਾਮਲੇ ਸਾਹਮਣੇ ਆਏ ਹਨ। ਪਿਛਲੇ 15 ਸਾਲਾਂ ਵਿੱਚ ਪੁਲਿਸ ਵੱਲੋਂ ਦਰਜ ਕੀਤੇ 141 ਮੁਕੱਦਮੇ ਵੀ ਇਸ ਕਾਲੇ ਧੰਦੇ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋਏ ਹਨ।
ਗਾਹਕ ਜਾਗੋ ਸੰਸਥਾ ਦੇ ਜਰਨਲ ਸਕੱਤਰ ਅਤੇ ਆਰਟੀਆਈ ਕਾਰਕੁੰਨ ਸੰਜੀਵ ਗੋਇਲ ਵੱਲੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ 2013 ਵਿੱਚ ਸਭ ਤੋਂ ਵੱਧ 19 ਮਾਮਲੇ ਦਰਜ ਹੋਏ, ਜਦਕਿ 2015 ਵਿੱਚ 18, 2022 ਵਿੱਚ 16 ਅਤੇ 2014 ਵਿੱਚ 10 ਮਾਮਲੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਈਨਾ ਡੋਰ ਦੇ ਖਤਰਨਾਕ ਨਤੀਜਿਆਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਬੱਚਿਆਂ ਨੂੰ ਰੋਕਿਆ ਨਹੀਂ ਜਾ ਰਿਹਾ।
ਬਠਿੰਡਾ ਸ਼ਹਿਰ ਵਿੱਚ ਦਰਜਨਾਂ ਹਾਦਸੇ ਵਾਪਰ ਚੁੱਕੇ ਹਨ। ਕੁਝ ਦਿਨ ਪਹਿਲਾਂ ਬਸੰਤ ਵਿਹਾਰ ਵਿੱਚ ਯੁਵਰਾਜ ਨਾਮ ਦਾ ਬੱਚਾ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਗੰਭੀਰ ਜਖ਼ਮੀ ਹੋ ਗਿਆ, ਜਿਸ ਦੇ 18 ਟਾਂਕੇ ਲੱਗੇ। ਉਸ ਦੇ ਪਿਤਾ ਨਿਤਿਨ ਬਾਂਸਲ ਨੇ ਦੱਸਿਆ ਕਿ ਇਕ ਸਮੇਂ ਤਾਂ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਸਨ। ਇਸੇ ਤਰ੍ਹਾਂ ਹਰਮੰਦਰ ਸਿੰਘ ਦੀ ਉਂਗਲੀ ਵੱਢ ਗਈ ਅਤੇ ਕਲਕੱਤਾ ਗਲੀ ਨਿਵਾਸੀ ਡਾ. ਹੇਮ ਰਾਜ ਦੀ ਗਰਦਨ ’ਤੇ ਡੋਰ ਲੱਗਣ ਨਾਲ ਜਾਨ ਖ਼ਤਰੇ ਵਿੱਚ ਪੈ ਗਈ ਸੀ।
ਗਾਹਕ ਜਾਗੋ ਸੰਸਥਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਤੁਰੰਤ ਬੰਦ ਕਰਕੇ ਰਿਵਾਇਤੀ ਡੋਰ ਨਾਲ ਹੀ ਪਤੰਗਾਂ ਦਾ ਤਿਉਹਾਰ ਮਨਾਇਆ ਜਾਵੇ। ਸੰਜੀਵ ਗੋਇਲ ਨੇ ਚੇਤਾਵਨੀ ਦਿੱਤੀ ਕਿ ਇਹ ਡੋਰ ਇੰਨੀ ਤਿੱਖੀ ਹੁੰਦੀ ਹੈ ਕਿ ਸਾਹ ਦੀ ਨਲੀ ਤੱਕ ਵੱਢ ਸਕਦੀ ਹੈ ਅਤੇ ਬਿਜਲੀ ਦੀਆਂ ਤਾਰਾਂ ਨਾਲ ਛੂਹ ਹੋਣ ’ਤੇ ਮੌਤ ਦਾ ਕਾਰਨ ਵੀ ਬਣ ਸਕਦੀ ਹੈ।
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਕਿਹਾ ਕਿ ਸਖ਼ਤ ਕਾਨੂੰਨਾਂ ਅਤੇ ਭਾਰੀ ਜੁਰਮਾਨਿਆਂ ਦੇ ਬਾਵਜੂਦ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲੇ ਬੇਖੌਫ਼ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਮਨਾਹੀ ਦੇ ਹੁਕਮ ਕਾਗਜ਼ੀ ਸਾਬਤ ਹੋ ਰਹੇ ਹਨ।
ਬਠਿੰਡਾ ਪਤੰਗ ਐਸੋਸੀਏਸ਼ਨ ਦੇ ਆਗੂ ਰਾਜਕੁਮਾਰ ਨੇ ਕਿਹਾ ਕਿ ਲੋਕਾਂ ਵੱਲੋਂ ਸੁਰੱਖਿਅਤ ਪਾਂਡਾ ਡੋਰ ਖਰੀਦਣ ਤੋਂ ਇਨਕਾਰ ਕਾਰਨ ਕਾਰੋਬਾਰ ’ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਦੀ ਸਖ਼ਤੀ ਤੋਂ ਬਾਅਦ ਚਾਈਨਾ ਡੋਰ ਦਾ ਭਾਅ ਅਤੇ ਵਿਕਰੀ ਦੋਵੇਂ ਵਧ ਗਏ ਹਨ।
ਇਸ ਮਾਮਲੇ ’ਤੇ ਸੀਨੀਅਰ ਪੁਲਿਸ ਕਪਤਾਨ ਡਾ. ਜਯੋਤੀ ਯਾਦਵ ਨੇ ਕਿਹਾ ਕਿ ਚਾਈਨਾ ਡੋਰ ਖਿਲਾਫ਼ ਜਾਗਰੂਕਤਾ ਮੁਹਿੰਮਾਂ ਅਤੇ ਕਾਨੂੰਨੀ ਕਾਰਵਾਈ ਲਗਾਤਾਰ ਜਾਰੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਚਾਈਨਾ ਡੋਰ ਵਰਤਣ ਜਾਂ ਬੱਚਿਆਂ ਨੂੰ ਵਰਤਣ ਦੀ ਇਜਾਜ਼ਤ ਦੇਣ ਵਾਲੇ ਮਾਪਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।







