ਐੱਸ ਏ ਐੱਸ ਨਗਰ, 17 ਜਨਵਰੀ — ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵੱਲੋਂ ਭਾਰਤੀ ਸੈਨਾ ਦੇ ਅਦੁੱਤੀ ਜਜ਼ਬੇ ਅਤੇ ਮਹਾਨ ਕੁਰਬਾਨੀਆਂ ਨੂੰ ਸਲਾਮ ਕਰਦੇ ਹੋਏ ‘ਸੈਨਾ ਦਿਵਸ 2026’ ਬੜੇ ਮਾਣ, ਦੇਸ਼ ਭਗਤੀ ਅਤੇ ਸਤਿਕਾਰ ਨਾਲ ਮਨਾਇਆ ਗਿਆ। ਯੂਨੀਵਰਸਿਟੀ ਦੇ ਐਨ ਸੀ ਸੀ ਵਿੰਗ ਵੱਲੋਂ ਕਰਵਾਏ ਗਏ ਇਸ ਪ੍ਰਭਾਵਸ਼ਾਲੀ ਸਮਾਗਮ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਅਨੁਸ਼ਾਸਨ, ਅਗਵਾਈ ਅਤੇ ਰਾਸ਼ਟਰੀ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ।
ਇਸ ਮੌਕੇ ਸਾਬਕਾ ਆਰਮੀ ਕਮਾਂਡਰ, ਮੁੱਖ ਮੰਤਰੀ ਦੇ ਸਲਾਹਕਾਰ ਅਤੇ ਰਾਜ ਸੂਚਨਾ ਕਮਿਸ਼ਨਰ ਲੈਫਟੀਨੈਂਟ ਜਨਰਲ ਕਮਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਭਾਰਤੀ ਸੈਨਾ ਦੇ ਬੁਨਿਆਦੀ ਮੁੱਲਾਂ—ਬਹਾਦਰੀ, ਇਮਾਨਦਾਰੀ ਅਤੇ ਨਿਰਸਵਾਰਥ ਸੇਵਾ—ਬਾਰੇ ਅਹਿਮ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਐਨ ਸੀ ਸੀ ਕੈਡਿਟਾਂ ਅਤੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਅਤੇ ਜ਼ਿੰਮੇਵਾਰੀ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਹੀ ਗੁਣ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਂਦੇ ਹਨ।
ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਭਾਰਤੀ ਸੈਨਾ ਦੀ ਬਹਾਦਰੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਨੂੰ ਆਪਣੇ ਸੈਨਿਕਾਂ ’ਤੇ ਅਪਾਰ ਮਾਣ ਹੈ, ਜੋ ਹਰ ਮੁਸ਼ਕਲ ਹਾਲਾਤ ਵਿੱਚ ਦੇਸ਼ ਦੀ ਰੱਖਿਆ ਲਈ ਡਟੇ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸੀ ਜੀ ਸੀ ਯੂਨੀਵਰਸਿਟੀ ਦਾ ਮਕਸਦ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਦੇਸ਼ ਭਗਤੀ, ਅਨੁਸ਼ਾਸਨ ਅਤੇ ਜ਼ਿੰਮੇਵਾਰ ਨਾਗਰਿਕਤਾ ਵਰਗੇ ਮੁੱਲ ਵਿਕਸਿਤ ਕਰਨਾ ਵੀ ਹੈ।
ਸਮਾਗਮ ਦੌਰਾਨ ਐਨ ਸੀ ਸੀ ਕੈਡਿਟਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਸਰਹੱਦਾਂ ’ਤੇ ਦੇਸ਼ ਦੀ ਰੱਖਿਆ ਕਰ ਰਹੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਵੱਲੋਂ ‘ਰਾਸ਼ਟਰ ਸਭ ਤੋਂ ਪਹਿਲਾਂ’ ਦੇ ਸੰਕਲਪ ਨੂੰ ਦੁਹਰਾਉਂਦਿਆਂ ਵਿਦਿਆਰਥੀਆਂ ਵਿੱਚ ਰਾਸ਼ਟਰੀ ਮਾਣ ਅਤੇ ਨਾਗਰਿਕ ਚੇਤਨਾ ਪੈਦਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਦ੍ਰਿੜ੍ਹ ਕੀਤਾ ਗਿਆ।







