Home ਪੰਜਾਬ PGI ਚੰਡੀਗੜ੍ਹ ਦੇ ਡਾਕਟਰਾਂ ਦਾ ਵਿਸ਼ਵ ਪੱਧਰੀ ਕਮਾਲ: 2 ਸਾਲ ਦੇ ਬੱਚੇ...

PGI ਚੰਡੀਗੜ੍ਹ ਦੇ ਡਾਕਟਰਾਂ ਦਾ ਵਿਸ਼ਵ ਪੱਧਰੀ ਕਮਾਲ: 2 ਸਾਲ ਦੇ ਬੱਚੇ ਵਿੱਚੋਂ ਨੱਕ ਰਾਹੀਂ 7 ਸੈਂਟੀਮੀਟਰ ਦਾ ਦੁਰਲੱਭ ਟਿਊਮਰ ਸਫਲਤਾਪੂਰਵਕ ਕੱਢਿਆ

0

ਚੰਡੀਗੜ੍ਹ, 16 ਜਨਵਰੀ 2026:

ਪੀਜੀਆਈ (PGI) ਚੰਡੀਗੜ੍ਹ ਦੇ ਡਾਕਟਰਾਂ ਨੇ ਮੈਡੀਕਲ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਤ ਕਰਦਿਆਂ ਦੁਨੀਆ ਭਰ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਡਾਕਟਰਾਂ ਦੀ ਟੀਮ ਨੇ ਸਿਰਫ਼ 2 ਸਾਲ ਦੇ ਬੱਚੇ ਵਿੱਚੋਂ ਨੱਕ ਰਾਹੀਂ ਐਂਡੋਸਕੋਪਿਕ ਤਕਨੀਕ ਦੀ ਵਰਤੋਂ ਕਰਕੇ 7 ਸੈਂਟੀਮੀਟਰ ਵੱਡਾ ਦੁਰਲੱਭ ਟਿਊਮਰ ਸਫਲਤਾਪੂਰਵਕ ਕੱਢ ਦਿੱਤਾ, ਜੋ ਦੁਨੀਆ ਵਿੱਚ ਪਹਿਲੀ ਵਾਰ ਹੋਇਆ ਹੈ।

ਇਸ ਤੋਂ ਪਹਿਲਾਂ 2020 ਵਿੱਚ ਸਪੇਨ ਵਿੱਚ 12 ਸਾਲ ਦੇ ਬੱਚੇ ‘ਤੇ ਅਜਿਹੀ ਸਰਜਰੀ ਹੋਈ ਸੀ, ਪਰ ਇੰਨੀ ਛੋਟੀ ਉਮਰ ਦੇ ਬੱਚੇ ‘ਚ ਇੰਨਾ ਵੱਡਾ ਟਿਊਮਰ ਨੱਕ ਰਾਹੀਂ ਕੱਢਣੀ ਸਰਜਰੀ ਪਹਿਲੀ ਵਾਰ ਦਰਜ ਕੀਤੀ ਗਈ ਹੈ।

ਸੋਨੀਪਤ ਦੇ ਰਹਿਣ ਵਾਲੇ ਇਸ ਬੱਚੇ ਨੂੰ ਮੈਨਿਨਜਿਓਮਾ (Meningioma) ਨਾਂ ਦਾ ਦੁਰਲੱਭ ਟਿਊਮਰ ਸੀ, ਜੋ ਦਿਮਾਗ, ਸਾਈਨਸ ਅਤੇ ਅੱਖ ਦੀ ਸਾਕਟ ਤੱਕ ਫੈਲ ਚੁੱਕਾ ਸੀ। ਟਿਊਮਰ ਦੇ ਕਾਰਨ ਬੱਚੇ ਦੀ ਇੱਕ ਅੱਖ ਬਾਹਰ ਵੱਲ ਨਿਕਲ ਆਈ ਸੀ ਅਤੇ ਅੱਖਾਂ ਦੀ ਹਰਕਤ ਲਗਭਗ ਬੰਦ ਹੋ ਗਈ ਸੀ।

ਪੀਜੀਆਈ ਦੇ ਨਿਊਰੋਸਰਜਰੀ ਅਤੇ ਈਐਨਟੀ (ENT) ਵਿਭਾਗ ਦੀ ਸਾਂਝੀ ਟੀਮ ਨੇ ਲਗਾਤਾਰ 9 ਘੰਟਿਆਂ ਤੱਕ ਚੱਲੀ ਜਟਿਲ ਸਰਜਰੀ ਦੌਰਾਨ ਰਵਾਇਤੀ ‘ਓਪਨ ਸਰਜਰੀ’ ਦੀ ਬਜਾਏ ਅਧੁਨਿਕ ਐਂਡੋਸਕੋਪਿਕ ਵਿਧੀ ਨੂੰ ਅਪਨਾਇਆ। 45 ਡਿਗਰੀ ਨੈਵੀਗੇਸ਼ਨ ਐਂਗਲ ਵਾਲੇ ਵਿਸ਼ੇਸ਼ ਐਂਡੋਸਕੋਪ ਅਤੇ ਆਧੁਨਿਕ ਯੰਤਰਾਂ ਦੀ ਮਦਦ ਨਾਲ ਟਿਊਮਰ ਨੂੰ ਨੱਕ ਰਾਹੀਂ ਹੀ ਬਾਹਰ ਕੱਢਿਆ ਗਿਆ।

ਇਸ ਤਕਨੀਕ ਨਾਲ ਬੱਚੇ ਦੇ ਸਰੀਰ ‘ਤੇ ਕੋਈ ਵੱਡਾ ਕੱਟ ਨਹੀਂ ਲੱਗਿਆ ਅਤੇ ਖੂਨ ਵਹਿਣ ਵਰਗੇ ਗੰਭੀਰ ਖਤਰੇ ਵੀ ਕਾਫ਼ੀ ਹੱਦ ਤੱਕ ਘਟ ਗਏ। ਸਰਜਰੀ ਤੋਂ ਬਾਅਦ ਬੱਚੇ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਸਦੀ ਅੱਖਾਂ ਦੀ ਹਰਕਤ ਵਿੱਚ ਵੀ ਸੁਧਾਰ ਆ ਰਿਹਾ ਹੈ।

ਇਸ ਇਤਿਹਾਸਕ ਸਫਲਤਾ ਵਿੱਚ ਨਿਊਰੋਸਰਜਰੀ ਵਿਭਾਗ ਤੋਂ ਪ੍ਰੋਫੈਸਰ ਧੰਡਪਾਨੀ, ਈਐਨਟੀ ਵਿਭਾਗ ਤੋਂ ਪ੍ਰੋਫੈਸਰ ਅਨੁਰਾਗ ਅਤੇ ਨਿਊਰੋ-ਐਨੇਸਥੀਸੀਆ ਵਿਭਾਗ ਦੇ ਮਾਹਿਰਾਂ ਦੀ ਅਹੰਮ ਭੂਮਿਕਾ ਰਹੀ। ਇਹ ਉਪਲਬਧੀ ਭਾਰਤੀ ਚਿਕਿਤਸਾ ਵਿਗਿਆਨ ਲਈ ਇੱਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।

Exit mobile version