Homeਪੰਜਾਬਆਸਟ੍ਰੇਲੀਆ ਵਿੱਚ ਪੰਜਾਬੀ ਨੌਜਵਾਨ ਦੀ ਖ਼ੁਦਕੁਸ਼ੀ ਮਾਮਲਾ: ਬਰਨਾਲਾ ਪੁਲਿਸ ਵੱਲੋਂ ਪਤਨੀ ਸਮੇਤ...

ਆਸਟ੍ਰੇਲੀਆ ਵਿੱਚ ਪੰਜਾਬੀ ਨੌਜਵਾਨ ਦੀ ਖ਼ੁਦਕੁਸ਼ੀ ਮਾਮਲਾ: ਬਰਨਾਲਾ ਪੁਲਿਸ ਵੱਲੋਂ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਪੰਜ ਮੈਂਬਰਾਂ ਖ਼ਿਲਾਫ਼ ਕੇਸ ਦਰਜ

ਬਰਨਾਲਾ: ਆਸਟ੍ਰੇਲੀਆ ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਸਬੰਧੀ ਵੱਡੀ ਕਾਰਵਾਈ ਕਰਦਿਆਂ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਪੰਜਾਬੀ ਨੌਜਵਾਨ ਸਰਬਜੀਤ ਸਿੰਘ ਸੇਵਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਸ ਦੀ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਪੰਜ ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਹ ਕਾਰਵਾਈ ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਮਹਿਲ ਕਲਾਂ ਵੱਲੋਂ 15 ਜਨਵਰੀ 2026 ਨੂੰ ਐਸ.ਐਸ.ਪੀ. ਬਰਨਾਲਾ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਦੀ ਪੁਲਿਸ ਪੜਤਾਲ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ।

ਪੁਲਿਸ ਕੋਲ ਦਰਜ ਬਿਆਨਾਂ ਅਨੁਸਾਰ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਸਰਬਜੀਤ ਸਿੰਘ ਦਾ ਵਿਆਹ ਕਰੀਬ 12–13 ਸਾਲ ਪਹਿਲਾਂ ਸੁਖਜੀਤ ਕੌਰ ਪੁੱਤਰੀ ਰੂਪ ਸਿੰਘ ਵਾਸੀ ਧੂਰਕੋਟ ਰਣਸੀਰ, ਜ਼ਿਲ੍ਹਾ ਮੋਗਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸੁਖਜੀਤ ਕੌਰ ਵੱਲੋਂ ਆਈਲੈਟਸ ਪਾਸ ਕਰਨ ਉਪਰੰਤ ਦੋਵੇਂ ਪਤੀ-ਪਤਨੀ ਆਸਟ੍ਰੇਲੀਆ ਚਲੇ ਗਏ, ਜਿੱਥੇ ਉਨ੍ਹਾਂ ਦੇ ਦੋ ਬੱਚੇ ਪੈਦਾ ਹੋਏ।

ਸ਼ਿਕਾਇਤ ਮੁਤਾਬਕ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਸੁਖਜੀਤ ਕੌਰ ਨੇ ਸਰਬਜੀਤ ਸਿੰਘ ਤੋਂ ਵੀਜ਼ਾ ਸਬੰਧੀ ਕਾਗਜ਼ਾਤਾਂ ’ਤੇ ਦਸਤਖ਼ਤ ਕਰਵਾ ਲਏ। ਬਾਅਦ ਵਿੱਚ 2025 ਦੀ ਸ਼ੁਰੂਆਤ ਵਿੱਚ ਇਮੀਗ੍ਰੇਸ਼ਨ ਇੰਟਰਵਿਊ ਦੇ ਬਹਾਨੇ ਉਸ ਨੂੰ ਡਿਟੇਨਸ਼ਨ ਸੈਂਟਰ ਭੇਜਿਆ ਗਿਆ, ਜਿੱਥੇ ਸਰਬਜੀਤ ਨੂੰ ਪਤਾ ਲੱਗਿਆ ਕਿ ਉਸ ਦੀ ਪਤਨੀ ਨੇ ਹੀ ਉਸ ਨੂੰ ਆਸਟ੍ਰੇਲੀਆ ਤੋਂ ਭਾਰਤ ਵਾਪਸ ਭੇਜਣ ਲਈ ਅਰਜ਼ੀ ਦਿੱਤੀ ਸੀ।

ਰਣਜੀਤ ਸਿੰਘ ਨੇ ਦੋਸ਼ ਲਗਾਇਆ ਕਿ ਸੁਖਜੀਤ ਕੌਰ ਨੇ ਸਾਂਝੇ ਖਾਤੇ ਵਿੱਚੋਂ ਸਾਰੀ ਰਕਮ ਕਢਵਾ ਲਈ ਅਤੇ ਸਰਬਜੀਤ ਦੀਆਂ ਗੱਡੀਆਂ ਤੇ ਨਿੱਜੀ ਮਕਾਨ ਵੀ ਆਪਣੇ ਨਾਮ ਕਰਵਾ ਲਏ। ਜਦੋਂ ਸਰਬਜੀਤ ਨੇ ਆਪਣੇ ਬੱਚਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੁਲਿਸ ਰਾਹੀਂ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਪਤਨੀ ਸੁਖਜੀਤ ਕੌਰ ਤੋਂ ਇਲਾਵਾ ਉਸ ਦੀ ਸੱਸ ਇੰਦਰਜੀਤ ਕੌਰ, ਸਾਲੀ ਹਰਜੀਤ ਕੌਰ, ਸਾਲਾ ਜਸਦੀਪ ਸਿੰਘ ਅਤੇ ਤਾਇਆ ਸਹੁਰਾ ਬੂਟਾ ਸਿੰਘ ਵੱਲੋਂ ਉਸ ਨੂੰ ਲਗਾਤਾਰ ਮਾਨਸਿਕ ਤੌਰ ’ਤੇ ਤੰਗ ਅਤੇ ਜਲੀਲ ਕੀਤਾ ਜਾਂਦਾ ਰਿਹਾ।

ਮ੍ਰਿਤਕ ਦੇ ਪਿਤਾ ਅਨੁਸਾਰ 27 ਸਤੰਬਰ 2025 ਨੂੰ ਉਸ ਦੀ ਆਪਣੇ ਪੁੱਤਰ ਨਾਲ ਆਖ਼ਰੀ ਵਾਰ ਗੱਲਬਾਤ ਹੋਈ ਸੀ, ਜਿਸ ਦੌਰਾਨ ਸਰਬਜੀਤ ਕਾਫ਼ੀ ਪ੍ਰੇਸ਼ਾਨ ਨਜ਼ਰ ਆਇਆ। ਲਗਾਤਾਰ ਮਾਨਸਿਕ ਤਣਾਅ ਦੇ ਚਲਦਿਆਂ ਉਸੇ ਦਿਨ ਸਰਬਜੀਤ ਸਿੰਘ ਸੇਵਾ ਨੇ ਆਸਟ੍ਰੇਲੀਆ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਪੁਲਿਸ ਪੜਤਾਲ ਅਤੇ ਡੀ.ਏ. ਲੀਗਲ ਦੀ ਕਾਨੂੰਨੀ ਰਾਇ ਅਨੁਸਾਰ, ਭਾਵੇਂ ਘਟਨਾ ਵਿਦੇਸ਼ ਵਿੱਚ ਵਾਪਰੀ ਹੈ ਪਰ ਮ੍ਰਿਤਕ ਅਤੇ ਦੋਸ਼ੀ ਭਾਰਤੀ ਨਾਗਰਿਕ ਹੋਣ ਕਰਕੇ ਉਨ੍ਹਾਂ ਖ਼ਿਲਾਫ਼ ਭਾਰਤੀ ਕਾਨੂੰਨ ਅਧੀਨ ਕਾਰਵਾਈ ਬਣਦੀ ਹੈ। ਇਸ ਅਧਾਰ ’ਤੇ ਥਾਣਾ ਮਹਿਲ ਕਲਾਂ ਵਿੱਚ ਪਤਨੀ ਸਮੇਤ ਪੰਜਾਂ ਦੋਸ਼ੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 108 (ਖ਼ੁਦਕੁਸ਼ੀ ਲਈ ਉਕਸਾਉਣਾ) ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਦੂਜੀ ਧਿਰ ਵੱਲੋਂ ਕੋਈ ਅਧਿਕਾਰਤ ਪੱਖ ਸਾਹਮਣੇ ਨਹੀਂ ਆਇਆ।

RELATED ARTICLES
- Advertisment -
Google search engine
Google search engine
Google search engine

Most Popular

Recent Comments