Home ਸੰਸਾਰ ਥਾਈਲੈਂਡ ‘ਚ ਭਿਆਨਕ ਰੇਲ ਹਾਦਸਾ: ਚਲਦੀ ਟ੍ਰੇਨ ‘ਤੇ ਡਿੱਗੀ ਕਰੇਨ; 22 ਮੌਤਾਂ,

ਥਾਈਲੈਂਡ ‘ਚ ਭਿਆਨਕ ਰੇਲ ਹਾਦਸਾ: ਚਲਦੀ ਟ੍ਰੇਨ ‘ਤੇ ਡਿੱਗੀ ਕਰੇਨ; 22 ਮੌਤਾਂ,

0

ਬੈਂਕਾਕ, 14 ਜਨਵਰੀ (2026): (ਸ਼.ਅ.ਬਿਓਰੋ) : ਥਾਈਲੈਂਡ ਦੇ ਨਾਖੋਨ ਰਤਚਾਸੀਮਾ ਸੂਬੇ ਵਿੱਚ ਅੱਜ ਸਵੇਰੇ ਇੱਕ ਰੂਹ ਕੰਬਾਊ ਰੇਲ ਹਾਦਸਾ ਵਾਪਰਿਆ। ਬੈਂਕਾਕ ਤੋਂ ਉੱਤਰ-ਪੂਰਬੀ ਸੂਬੇ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਯਾਤਰੀ ਰੇਲਗੱਡੀ ਉੱਪਰ ਨਿਰਮਾਣ ਅਧੀਨ ਹਾਈ-ਸਪੀਡ ਰੇਲ ਪ੍ਰੋਜੈਕਟ ਦੀ ਇੱਕ ਭਾਰੀ-ਭਰਕੰਮ ਕਰੇਨ ਡਿੱਗ ਗਈ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 22 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 30 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ।

ਕਿਵੇਂ ਵਾਪਰਿਆ ਹਾਦਸਾ?

ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਕਰੀਬ 9:05 ਵਜੇ ਬੈਂਕਾਕ ਤੋਂ ਲਗਭਗ 230 ਕਿਲੋਮੀਟਰ ਦੂਰ ਵਾਪਰਿਆ। ਰੇਲਵੇ ਪੁਲ ਦੀ ਉਸਾਰੀ ਲਈ ਵਰਤੀ ਜਾ ਰਹੀ ਕਰੇਨ ਅਚਾਨਕ ਸੰਤੁਲਨ ਵਿਗੜਨ ਕਾਰਨ ਹੇਠਾਂ ਤੋਂ ਲੰਘ ਰਹੀ ਟ੍ਰੇਨ ‘ਤੇ ਜਾ ਡਿੱਗੀ। ਕਰੇਨ ਇੰਨੀ ਅਚਾਨਕ ਡਿੱਗੀ ਕਿ ਟ੍ਰੇਨ ਦੇ ਡਰਾਈਵਰ ਨੂੰ ਬ੍ਰੇਕ ਲਗਾਉਣ ਦਾ ਮੌਕਾ ਤੱਕ ਨਹੀਂ ਮਿਲਿਆ।

ਡੱਬਿਆਂ ਨੂੰ ਲੱਗੀ ਅੱਗ, ਫਸੇ ਰਹੇ ਵਿਦਿਆਰਥੀ

ਟੱਕਰ ਇੰਨੀ ਜ਼ਬਰਦਸਤ ਸੀ ਕਿ ਕਰੇਨ ਦਾ ਮਲਬਾ ਡਿੱਗਦੇ ਹੀ ਟ੍ਰੇਨ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਉਨ੍ਹਾਂ ਨੂੰ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਕੋਚਾਂ ਵਿੱਚ ਜ਼ਿਆਦਾਤਰ ਸਕੂਲੀ ਵਿਦਿਆਰਥੀ ਸਵਾਰ ਸਨ।

ਬਚਾਅ ਕਾਰਜ ਜਾਰੀ

ਸਥਾਨਕ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਕਈ ਯਾਤਰੀ ਅਜੇ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਡੱਬਿਆਂ ਦੇ ਅੰਦਰ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਟ ਕੇ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਥਾਈਲੈਂਡ ਦੇ ਅਧਿਕਾਰੀਆਂ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਤਾਂ ਜੋ ਹਾਈ-ਸਪੀਡ ਰੇਲ ਪ੍ਰੋਜੈਕਟ ਦੇ ਕੰਮ ਦੌਰਾਨ ਹੋਈ ਇਸ ਵੱਡੀ ਲਾਪਰਵਾਹੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

Exit mobile version