Homeਪੰਜਾਬਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸੰਕਲਪ IAS ਦੇ ਚੁਣੇ ਉਮੀਦਵਾਰਾਂ ਤੇ ਸਿਵਲ...

ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸੰਕਲਪ IAS ਦੇ ਚੁਣੇ ਉਮੀਦਵਾਰਾਂ ਤੇ ਸਿਵਲ ਸੇਵਕਾਂ ਦਾ ਸਨਮਾਨ

ਚੰਡੀਗੜ੍ਹ, 14 ਜਨਵਰੀ 2026 — ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਵਿੱਚ ਆਯੋਜਿਤ ‘ਸਾਲਾਨਾ ਪਰਵ ਮਿਲਣ’ ਸਮਾਰੋਹ ਦੌਰਾਨ ਸੰਕਲਪ IAS, ਚੰਡੀਗੜ੍ਹ ਦੇ ਚੁਣੇ ਗਏ ਉਮੀਦਵਾਰਾਂ ਅਤੇ ਵੱਖ-ਵੱਖ ਸਿਵਲ ਸੇਵਾਵਾਂ ਵਿੱਚ ਸੇਵਾ ਨਿਭਾ ਰਹੇ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਹ ਸਮਾਰੋਹ ਸੰਕਲਪ IAS ਵੱਲੋਂ ਸਿਵਲ ਸੇਵਾਵਾਂ ਵਿੱਚ ਸਫਲਤਾ ਪ੍ਰਾਪਤ ਉਮੀਦਵਾਰਾਂ ਅਤੇ ਕਾਰਜਸ਼ੀਲ ਅਧਿਕਾਰੀਆਂ ਦੇ ਮਾਣ-ਸਨਮਾਨ ਲਈ ਆਯੋਜਿਤ ਕੀਤਾ ਗਿਆ ਸੀ।

ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਸਿਵਲ ਸੇਵਕ ਸੰਵਿਧਾਨਕ ਕਦਰਾਂ-ਕੀਮਤਾਂ ਦੇ ਰੱਖਿਅਕ ਹੁੰਦੇ ਹਨ ਅਤੇ ਰਾਜ ਤੇ ਨਾਗਰਿਕਾਂ ਦਰਮਿਆਨ ਇੱਕ ਅਹਿਮ ਕੜੀ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਜਨ-ਕਲਿਆਣ ਕੇਂਦਰਿਤ ਸੁਸ਼ਾਸਨ ਲਈ ਇਮਾਨਦਾਰੀ, ਪਾਰਦਰਸ਼ਤਾ ਅਤੇ ਮਾਨਵੀ ਦ੍ਰਿਸ਼ਟੀਕੋਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਜ਼ਿੰਮੇਵਾਰ ਅਤੇ ਨੈਤਿਕ ਸਿਵਲ ਸੇਵਕ ਤਿਆਰ ਕਰਨ ਵਿੱਚ ਸਿੱਖਿਆ ਸੰਸਥਾਵਾਂ ਅਤੇ ਮਾਰਗਦਰਸ਼ਕਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ IAS, IPS, IRS, IIS, HCS, PCS ਅਤੇ AETC ਸਮੇਤ ਵੱਖ-ਵੱਖ ਸੇਵਾਵਾਂ ਵਿੱਚ ਕਾਰਜਸ਼ੀਲ 20 ਅਧਿਕਾਰੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਸਮਰਪਿਤ ਸੇਵਾ ਅਤੇ ਉਤਕ੍ਰਿਸ਼ਟ ਯੋਗਦਾਨ ਦੀ ਸਾਰਾਹਨਾ ਕੀਤੀ। ਉਨ੍ਹਾਂ ਨੇ ਸੰਕਲਪ IAS ਦੇ ਫੈਕਲਟੀ ਮੈਂਬਰਾਂ ਅਤੇ ਮਾਰਗਦਰਸ਼ਕਾਂ ਦੀ ਵੀ ਖ਼ਾਸ ਤੌਰ ’ਤੇ ਸ਼ਲਾਘਾ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਵਿਦਿਅਕ ਉੱਤਮਤਾ ਅਤੇ ਜਨਤਕ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ।

ਇਸ ਮੌਕੇ ਸੰਕਲਪ IAS, ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਚਰਨਜੀਤ ਰਾਏ ਨੇ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ UPSC ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਕੁੱਲ 133 ਉਮੀਦਵਾਰਾਂ ਦੀ ਚੋਣ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਹਾਲ ਹੀ ਵਿੱਚ ਘੋਸ਼ਿਤ PCS ਪ੍ਰੀਖਿਆ ਨਤੀਜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ 18 ਵਿੱਚੋਂ 13 ਉਮੀਦਵਾਰਾਂ ਦੀ ਸਫਲਤਾ ਸੰਸਥਾ ਲਈ ਮਾਣ ਦੀ ਗੱਲ ਹੈ।

ਸਮਾਰੋਹ ਦੌਰਾਨ ਜੋਧਪੁਰ (ਰਾਜਸਥਾਨ) ਤੋਂ ਮਹਾਮੁਨੀ ਰਾਮਦਾਸ ਜੀ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਸ੍ਰੀ ਵੀ.ਪੀ. ਸਿੰਘ, ਸ੍ਰੀ ਸੰਜੇ ਟੰਡਨ, ਥਾਪਰ ਯੂਨੀਵਰਸਿਟੀ ਪਟਿਆਲਾ ਦੇ ਨਿਰਦੇਸ਼ਕ ਸ੍ਰੀ ਟੀ. ਪਦਮ ਨਾਇਰ ਸਮੇਤ ਕਈ ਹੋਰ ਪਤਵੰਤੇ ਸੱਜਣ ਅਤੇ ਉੱਚ ਅਧਿਕਾਰੀ ਹਾਜ਼ਰ ਰਹੇ।

RELATED ARTICLES
- Advertisment -
Google search engine
Google search engine
Google search engine

Most Popular

Recent Comments