ਪੰਜਾਬ ਇਸ ਸਮੇਂ ਭਾਰੀ ਠੰਢ ਦੀ ਲਪੇਟ ਵਿੱਚ ਹੈ। ਸੂਬੇ ਭਰ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਦੇ ਦੋਹਰੇ ਹਮਲੇ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਹਾਲਾਂਕਿ ਅਜੇ ਤੱਕ ਲੋਕਾਂ ਨੂੰ ਠੰਢ ਤੋਂ ਕਿਸੇ ਵੀ ਤਰ੍ਹਾਂ ਦੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।
ਮੌਸਮ ਵਿਭਾਗ ਵੱਲੋਂ 11 ਤੋਂ 15 ਜਨਵਰੀ ਤੱਕ “ਯੈਲੋ ਅਲਰਟ” ਜਾਰੀ ਕੀਤਾ ਗਿਆ ਹੈ। ਵਿਭਾਗ ਅਨੁਸਾਰ, ਇਸ ਦੌਰਾਨ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ, ਤਰਨਤਾਰਨ, ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਪਠਾਨਕੋਟ ਅਤੇ ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਵੱਡਾ ਫਰਕ ਨਹੀਂ ਰਹੇਗਾ, ਜਿਸ ਕਾਰਨ ਠੰਢ ਦਾ ਅਹਿਸਾਸ ਹੋਰ ਵਧੇਗਾ।
ਮੌਸਮ ਵਿਭਾਗ ਨੇ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਬਚਾਅ ਲਈ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਨਾਲ ਹੀ, ਧੁੰਦ ਕਾਰਨ ਦ੍ਰਿਸ਼ਟੀ ਘੱਟ ਹੋਣ ਦੇ ਮੱਦੇਨਜ਼ਰ ਵਾਹਨ ਚਲਾਉਂਦੇ ਸਮੇਂ ਖ਼ਾਸ ਸਾਵਧਾਨੀ ਵਰਤਣ ਅਤੇ ਜ਼ਰੂਰੀ ਨਾ ਹੋਵੇ ਤਾਂ ਸਵੇਰੇ-ਸਵੇਰੇ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।







