Homeਮਨੋਰੰਜਨਫ਼ਿਲਮ ‘ਪੰਜਾਬ 95’ ਦੀ ਸੈਂਸਰਸ਼ਿਪ ਨੂੰ ਤਿੰਨ ਸਾਲ, ਅਜੇ ਤੱਕ ਕੋਈ ਫ਼ੈਸਲਾ...

ਫ਼ਿਲਮ ‘ਪੰਜਾਬ 95’ ਦੀ ਸੈਂਸਰਸ਼ਿਪ ਨੂੰ ਤਿੰਨ ਸਾਲ, ਅਜੇ ਤੱਕ ਕੋਈ ਫ਼ੈਸਲਾ ਨਹੀਂ ਆਇਆ

ਡਾਇਰੈਕਟਰ ਹਨੀ ਤ੍ਰੇਹਨ ਨੇ ਸਾਂਝਾ ਕੀਤਾ ਦਰਦ ਦਿਲਜੀਤ ਦੋਸਾਂਝ ਵੱਲੋਂ ਵੀ ਪੋਸਟ ਸਾਂਝੀ, ਸੈਂਸਰ ਬੋਰਡ ‘ਤੇ ਅਣਕਹੇ ਸਵਾਲ

ਚੰਡੀਗੜ੍ਹ | 8 ਜਨਵਰੀ | ਹਰਸ਼ਲੀਨ ਸਿੰਘ:
ਫ਼ਿਲਮ ‘ਪੰਜਾਬ 95’ ਨੂੰ ਲੈ ਕੇ ਇਸ ਦੇ ਡਾਇਰੈਕਟਰ ਹਨੀ ਤ੍ਰੇਹਨ ਨੇ ਇਕ ਭਾਵੁਕ ਅਤੇ ਤਿੱਖੀ ਪੋਸਟ ਸਾਂਝੀ ਕਰਦਿਆਂ ਸੈਂਸਰ ਬੋਰਡ ਪ੍ਰਤੀ ਆਪਣਾ ਦਰਦ ਬਿਆਨ ਕੀਤਾ ਹੈ। ਹਨੀ ਤ੍ਰੇਹਨ ਨੇ ਲਿਖਿਆ ਕਿ ਅੱਜ ਉਹ ਦਿਨ ਹੈ ਜਦੋਂ ਫ਼ਿਲਮ ਨੂੰ ਸੈਂਸਰ ਬੋਰਡ (ਸੀਬੀਐਫਸੀ) ਕੋਲ ਪ੍ਰਮਾਣੀਕਰਨ ਲਈ ਜਮ੍ਹਾਂ ਕਰਵਾਏ ਹੋਏ ਪੂਰੇ ਤਿੰਨ ਸਾਲ ਹੋ ਗਏ ਹਨ, ਪਰ ਅਜੇ ਤੱਕ ਕੋਈ ਫ਼ੈਸਲਾ ਸਾਹਮਣੇ ਨਹੀਂ ਆਇਆ।

ਹਨੀ ਤ੍ਰੇਹਨ ਨੇ ਆਪਣੀ ਪੋਸਟ ਵਿੱਚ ਲਿਖਿਆ,
“ਅੱਜ ਤਿੰਨ ਸਾਲ ਹੋ ਗਏ ਹਨ। ਉਮੀਦ ਹੈ ਕਿ ਸੈਂਸਰ ਬੋਰਡ ਦੇ ਕਿਸੇ ਇਕੱਲੇ ਕੋਨੇ ਵਿੱਚ ਪਿਆ ਇੱਕ ਦੀਵਾ ਛੇਤੀ ਹੀ ਜਗੇਗਾ। ਮੈਨੂੰ ਇਹ ਵੀ ਉਮੀਦ ਹੈ ਕਿ ਮੈਂ ਬਹੁਤ ਜ਼ਿਆਦਾ ਉਮੀਦ ਨਹੀਂ ਕਰ ਰਿਹਾ।”

ਉਨ੍ਹਾਂ ਨੇ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਕਿ ਇਹ ਤਾਰੀਖ ਇਕ ਅਜੀਬ ਸੰਜੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨਾਲ ਜੁੜੀ ਹੋਈ ਹੈ। ਉਨ੍ਹਾਂ ਲਿਖਿਆ ਕਿ ਇਹ ਸਾਰੀ ਸਥਿਤੀ ਤਦੋਂ ਇੰਨੀ ਬੇਰਹਿਮ ਨਾ ਲੱਗਦੀ, ਜੇਕਰ ਸੱਤਾ ਵਿੱਚ ਬੈਠੇ ਲੋਕ ਸੱਚਾਈ, ਆਪਣੇ ਹੀ ਇਤਿਹਾਸ ਅਤੇ ਆਪਣੇ ਅਤੀਤ ਤੋਂ ਡਰਦੇ ਨਾ ਹੁੰਦੇ।

ਹਨੀ ਤ੍ਰੇਹਨ ਨੇ ਲਿਖਿਆ ਕਿ
“ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਭੁੱਲਿਆ ਹੋਇਆ ਇਤਿਹਾਸ ਦੁਹਰਾਇਆ ਜਾਂਦਾ ਹੈ।”
ਉਨ੍ਹਾਂ ਨੇ ਵਾਸ਼ਿੰਗਟਨ ਪੋਸਟ ਦੀ ਪ੍ਰਸਿੱਧ ਟੈਗਲਾਈਨ “ਲੋਕਤੰਤਰ ਹਨੇਰੇ ਵਿੱਚ ਮਰਦਾ ਹੈ” ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸਨੂੰ ਭਾਰਤੀ ਸੰਦਰਭ ਵਿੱਚ ਇਸ ਤਰ੍ਹਾਂ ਪੜ੍ਹਿਆ ਜਾਣਾ ਚਾਹੀਦਾ ਹੈ—
“ਲੋਕਤੰਤਰ ਅਗਿਆਨਤਾ ਵਿੱਚ ਮਰਦਾ ਹੈ।”

ਪੋਸਟ ਵਿੱਚ ਹਨੇਰੇ ਅਤੇ ਅਗਿਆਨਤਾ ਦੇ ਮੁਕਾਬਲੇ ਇੱਕ ਦੀਵੇ ਦੀ ਪ੍ਰਤੀਕਾਤਮਕ ਤਸਵੀਰ ਖਿੱਚਦਿਆਂ ਉਨ੍ਹਾਂ ਲਿਖਿਆ ਕਿ ਅਗਿਆਨਤਾ ਨੂੰ ਹਰਾਉਣ ਲਈ ਸਿਰਫ਼ ਇੱਕ ਦੀਵਾ ਹੀ ਕਾਫ਼ੀ ਹੁੰਦਾ ਹੈ, ਜੋ ਕਿਤੇ ਇੱਕ ਝੌਂਪੜੀ ਵਿੱਚ ਜਗਮਗਾਂਦਾ ਹੋਵੇ ਅਤੇ ਆਪਣੇ ਆਲੇ-ਦੁਆਲੇ ਨੂੰ ਰੌਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹੋਵੇ। ਉਨ੍ਹਾਂ ਆਸ ਜਤਾਈ ਕਿ ਸੀਬੀਐਫਸੀ ਦਫ਼ਤਰ ਦੇ ਕਿਸੇ ਇਕ ਕੋਨੇ ਵਿੱਚ ਵੀ ਅਜਿਹਾ ਹੀ ਇੱਕ ਦੀਵਾ ਇੱਕ ਦਿਨ ਜਰੂਰ ਜਗੇਗਾ।

ਹਨੀ ਤ੍ਰੇਹਨ ਦੀ ਇਸ ਭਾਵੁਕ ਪੋਸਟ ਨੂੰ ਅਦਾਕਾਰ ਦਿਲਜੀਤ ਦੋਸਾਂਝ ਵੱਲੋਂ ਵੀ ਸਾਂਝਾ ਕੀਤਾ ਗਿਆ ਹੈ, ਜਿਸ ਨਾਲ ਇਹ ਮਸਲਾ ਹੋਰ ਵੀ ਚਰਚਾ ਵਿੱਚ ਆ ਗਿਆ ਹੈ। ਪੋਸਟ ਦੇ ਅੰਤ ਵਿੱਚ ਹਨੀ ਤ੍ਰੇਹਨ ਨੇ ਲਿਖਿਆ—
“ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ।”

ਫ਼ਿਲਮ ‘ਪੰਜਾਬ 95’ ਨੂੰ ਲੈ ਕੇ ਸੈਂਸਰ ਬੋਰਡ ਦੀ ਲੰਬੀ ਚੁੱਪੀ ਹੁਣ ਸਿਰਫ਼ ਫ਼ਿਲਮਕਾਰਾਂ ਹੀ ਨਹੀਂ, ਸਗੋਂ ਅਭਿਵਕਤੀ ਦੀ ਆਜ਼ਾਦੀ ਅਤੇ ਇਤਿਹਾਸਕ ਸੱਚਾਈ ’ਤੇ ਵੀ ਵੱਡੇ ਸਵਾਲ ਖੜੇ ਕਰ ਰਹੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments