ਕਿਹਾ—ਪੰਜਾਬ ‘ਚ ਬਦਲਾਅ ਦੇ ਨਾਂ ‘ਤੇ ਹਾਲਾਤ ਹੋਏ ਬੇਤਰਤੀਬ
ਜਲੰਧਰ: 8 ਜਨਵਰੀ (ਛਤਰਪਾਲ ਸਿੰਘ) ਮਨਰੇਗਾ ਜਾਗਰੂਕਤਾ ਮੁਹਿੰਮ ਦੇ ਤਹਿਤ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜਲੰਧਰ ਪਹੁੰਚੇ। ਇੱਥੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕਾਂਗਰਸ ਪਾਰਟੀ ‘ਤੇ ਤਿੱਖੀ ਆਲੋਚਨਾ ਕੀਤੀ।
ਮਨਰੇਗਾ ਸਬੰਧੀ ਬੋਲਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ “ਜੀ ਰਾਮ ਜੀ” ਕਾਨੂੰਨ ਵਿੱਚ ਕੋਈ ਕਮੀ ਨਹੀਂ ਹੈ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਬਿਨਾ ਕਾਰਨ ਇਸ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਾਲ 2024-25 ਦੌਰਾਨ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਨੂੰ ਸਿਰਫ਼ 26 ਦਿਨਾਂ ਦਾ ਕੰਮ ਮਿਲਿਆ, ਜਦਕਿ ਬਾਕੀ 74 ਦਿਨਾਂ ਦਾ ਕੰਮ ਕਿੱਥੇ ਗਿਆ, ਇਸ ਦਾ ਜਵਾਬ ਰਾਜ ਸਰਕਾਰ ਦੇਵੇ।
ਜਾਖੜ ਨੇ ਕਿਹਾ ਕਿ ਕਾਂਗਰਸ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਨੇ ਮਨਰੇਗਾ ਸਕੀਮ ਖਤਮ ਕਰ ਦਿੱਤੀ ਹੈ, ਜੋ ਸਿਰੇ ਤੋਂ ਗਲਤ ਹੈ। ਉਨ੍ਹਾਂ ਮੁਤਾਬਕ ਕੇਂਦਰ ਸਰਕਾਰ ਨੇ 100 ਦਿਨਾਂ ਦੀ ਬਜਾਇ 125 ਦਿਨਾਂ ਦੇ ਕੰਮ ਦੀ ਗਰੰਟੀ ਦਿੱਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਗਰੀਬ ਵਰਗ ਨੂੰ 125 ਦਿਨ ਕੰਮ ਕਰਕੇ ਮਿਹਨਤ ਦੀ ਕਮਾਈ ਮਿਲਦੀ ਹੈ ਤਾਂ ਵਿਰੋਧ ਕਰਨ ਵਾਲਿਆਂ ਨੂੰ ਤਕਲੀਫ਼ ਕਿਉਂ ਹੋ ਰਹੀ ਹੈ।
ਕਾਨੂੰਨ-ਵਿਵਸਥਾ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਗੈਂਗਸਟਰਾਂ ਵੱਲੋਂ ਫੋਨ ਕਰਕੇ ਫਿਰੌਤੀ ਮੰਗੀ ਜਾ ਰਹੀ ਹੈ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਸੰਯੋਜਕ ਅਰਵਿੰਦ ਕੇਜਰੀਵਾਲ ਸਿਰਫ਼ ਬਿਆਨਾਂ ਤੱਕ ਸੀਮਤ ਹਨ। ਉਨ੍ਹਾਂ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਕੇਜਰੀਵਾਲ ਵੱਲੋਂ ਗੈਂਗਸਟਰਾਂ ਨੂੰ ਦਿੱਤੀ ਚੇਤਾਵਨੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਤੱਕ ਉਸ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ।
ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਨਵੇਂ ਸਾਲ ਦੇ ਸਿਰਫ਼ ਸੱਤ ਦਿਨਾਂ ਵਿੱਚ ਹੀ ਪੰਜਾਬ ਵਿੱਚ ਨੌਂ ਕਤਲ ਹੋ ਚੁੱਕੇ ਹਨ, ਜੋ ਸੂਬੇ ਦੀ ਖਰਾਬ ਹੋ ਰਹੀ ਕਾਨੂੰਨ-ਵਿਵਸਥਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਨਹੀਂ ਹੋਵੇਗੀ, ਤਦ ਤੱਕ ਸੂਬਾ ਅੱਗੇ ਨਹੀਂ ਵਧ ਸਕਦਾ।
ਨਸ਼ਿਆਂ ਦੇ ਮਸਲੇ ‘ਤੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਕੋਈ ਯੁੱਧ ਨਹੀਂ ਚੱਲ ਰਿਹਾ, ਬਲਕਿ ਇਹ ਯੁੱਧ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਦੇ ਖਿਲਾਫ਼ ਬਣ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹਾਲਾਤ ਨਾ ਸਧਾਰੇ ਗਏ ਤਾਂ ਇਹ ਸਭ ਕੁਝ ਇੱਕ ਦਿਨ ਪੰਜਾਬ ਨੂੰ ਲੈ ਡੁੱਬੇਗਾ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸਨ ਅਤੇ ਅੱਜ ਉਹ ਬਦਲਾਅ ਨੂੰ ਖੁਦ ਦੇਖ ਰਹੇ ਹਨ।







