ਲਾਲੜੂ, 8 ਜਨਵਰੀ: (ਹਰਸ਼ਲੀਨ ਸਿੰਘ) :ਬੀਤੇ ਦਿਨੀਂ ਕੈਨੇਡਾ ਦੇ ਮੋਂਟੀਅਰੀਅਲ ਸ਼ਹਿਰ ਵਿੱਚ ਵਾਪਰੇ ਹਾਦਸੇ ਦੌਰਾਨ ਲਾਲੜੂ ਵਾਸੀ ਨੌਜਵਾਨ ਅਰਮਾਨ ਚੌਹਾਨ ਦੀ ਮੌਤ ਹੋ ਜਾਣ ਕਾਰਨ ਉਸ ਦੇ ਘਰ ਵਿੱਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਘਰ ਪਹੁੰਚ ਰਹੇ ਹਨ, ਜਦਕਿ ਪਰਿਵਾਰ ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਦੇ ਭਾਰਤ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।
ਜਦੋਂ ਸਥਾਨਕ ਪੱਤਰਕਾਰ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਨ ਲਈ ਅਰਮਾਨ ਦੇ ਘਰ ਪੁੱਜੇ ਤਾਂ ਉਸ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਅਰਮਾਨ ਕਰੀਬ ਢਾਈ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ। ਐਤਵਾਰ ਦੁਪਹਿਰ ਉਨ੍ਹਾਂ ਨੂੰ ਪੁੱਤਰ ਨਾਲ ਹੋਈ ਦੁਰਘਟਨਾ ਦੀ ਸੂਚਨਾ ਮਿਲੀ, ਪਰ ਦੂਰ ਵਿਦੇਸ਼ ਵਿੱਚ ਹੋਣ ਕਾਰਨ ਉਸ ਨਾਲ ਤੁਰੰਤ ਸੰਪਰਕ ਬਣਾਉਣਾ ਸੰਭਵ ਨਹੀਂ ਹੋ ਸਕਿਆ, ਜਿਸ ਕਾਰਨ ਪਰਿਵਾਰ ਲਗਾਤਾਰ ਚਿੰਤਾ ਵਿੱਚ ਰਿਹਾ।
ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਰਹਿੰਦੇ ਜਾਣਕਾਰਾਂ ਅਤੇ ਹਸਪਤਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਡਾਕਟਰਾਂ ਵੱਲੋਂ ਸ਼ੁਰੂਆਤ ਵਿੱਚ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ। ਅਗਲੇ ਦਿਨ ਅਰਮਾਨ ਦੀ ਮੌਤ ਦੀ ਪੁਸ਼ਟੀ ਹੋਈ, ਜਿਸ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਕੁਲਦੀਪ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਜੋ ਇਸ ਸਮੇਂ ਗੁਜਰਾਤ ਦੌਰੇ ‘ਤੇ ਹਨ, ਨੇ ਟੈਲੀਫੋਨ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਮੁਤਾਬਕ ਫਿਲਹਾਲ ਅਰਮਾਨ ਦੀ ਲਾਸ਼ ਹਸਪਤਾਲ ਵਿੱਚ ਹੈ, ਜਿਸ ਤੋਂ ਬਾਅਦ ਉਸ ਨੂੰ ਫਿਊਨਰਲ ਹਾਊਸ ਭੇਜਿਆ ਜਾਵੇਗਾ ਅਤੇ ਉੱਥੋਂ ਨਿੱਜੀ ਏਜੰਸੀ ਰਾਹੀਂ ਦਿੱਲੀ ਲਿਆਂਦਾ ਜਾਵੇਗਾ। ਕਾਨੂੰਨੀ ਕਾਰਵਾਈ ਪੂਰੀ ਹੋਣ ‘ਤੇ ਲਾਸ਼ ਦੇ ਭਾਰਤ ਪਹੁੰਚਣ ਵਿੱਚ ਕਰੀਬ ਇੱਕ ਹਫਤਾ ਲੱਗ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਅਰਮਾਨ ਪੜ੍ਹਾਈ ਵਿੱਚ ਹੋਸ਼ਿਆਰ ਸੀ। ਉਸ ਨੇ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਇਲੈਕਟ੍ਰੀਕਲ ਵਿੱਚ ਡਿਪਲੋਮਾ ਕੀਤਾ ਹੋਇਆ ਸੀ। ਪਰਿਵਾਰ ਵਿੱਚ ਉਸ ਦੀ ਇੱਕ ਭੈਣ ਵੀ ਹੈ, ਜੋ ਇਸ ਸਮੇਂ ਸਿਵਲ ਸਰਵਿਸ ਦੀ ਤਿਆਰੀ ਕਰ ਰਹੀ ਹੈ।
ਕੁਲਦੀਪ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਆਉਣ ਵਾਲੀ 18 ਜਨਵਰੀ ਨੂੰ ਅਰਮਾਨ ਦਾ ਜਨਮ ਦਿਨ ਸੀ, ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਹੀ ਉਹ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਜਾਵੇਗਾ। ਇਸ ਹਾਦਸੇ ਨੇ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਇਲਾਕੇ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ।








