Homeਪੰਜਾਬਬਰੇਟਾ ਨੇੜੇ ਨਸ਼ੇ ਵਿੱਚ ਧੁੱਤ ਪਿਕਅੱਪ ਡਰਾਈਵਰ ਦੀ ਕਹਿਰ ਬਣੀ ਰਫ਼ਤਾਰ, ਤਿੰਨ...

ਬਰੇਟਾ ਨੇੜੇ ਨਸ਼ੇ ਵਿੱਚ ਧੁੱਤ ਪਿਕਅੱਪ ਡਰਾਈਵਰ ਦੀ ਕਹਿਰ ਬਣੀ ਰਫ਼ਤਾਰ, ਤਿੰਨ ਨੌਜਵਾਨਾਂ ਦੀ ਮੌਤ

ਬਰੇਟਾ: ਜਨਵਰੀ (ਸ਼.ਅ.ਬਿਓਰੋ) :  ਬਰੇਟਾ ਦੇ ਨੇੜਲੇ ਪਿੰਡ ਬਖ਼ਸ਼ੀਵਾਲਾ ਕੋਲ ਨੈਸ਼ਨਲ ਹਾਈਵੇ 148 ‘ਤੇ ਇਕ ਭਿਆਨਕ ਸੜਕ ਹਾਦਸੇ ਨੇ ਤਿੰਨ ਪਰਿਵਾਰਾਂ ਦੀਆਂ ਖੁਸ਼ੀਆਂ ਛੀਨ ਲਈਆਂ। ਗਲਤ ਸਾਈਡ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਪਿਕਅੱਪ ਗੱਡੀ ਦੇ ਨਸ਼ੇ ਵਿੱਚ ਧੁੱਤ ਡਰਾਈਵਰ ਨੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਅਤੇ ਇੱਕ ਸਾਈਕਲ ਸਵਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੇ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਪਹਿਚਾਣ ਬੂਟਾ ਸਿੰਘ (30), ਉਸਦੇ ਚਾਚੇ ਦਾ ਪੁੱਤਰ ਜਗਤਾਰ ਸਿੰਘ (29) ਅਤੇ ਸਾਈਕਲ ਸਵਾਰ ਗੁਰਮੁਖ ਸਿੰਘ (18) ਵਜੋਂ ਹੋਈ ਹੈ। ਇਹ ਤਿੰਨੇ ਪਿੰਡ ਬਖ਼ਸ਼ੀਵਾਲਾ ਦੇ ਨੇੜੇ ਹਾਈਵੇ ‘ਤੇ ਆਪਣੇ ਕੰਮ ਕਾਰ ਲਈ ਜਾ ਰਹੇ ਸਨ, ਜਦੋਂ ਅਚਾਨਕ ਗਲਤ ਪਾਸੇ ਤੋਂ ਆ ਰਹੀ ਪਿਕਅੱਪ ਗੱਡੀ ਨੇ ਉਨ੍ਹਾਂ ਨੂੰ ਕੁਚਲ ਦਿੱਤਾ।

ਹਾਦਸੇ ਦੀ ਤੀਬਰਤਾ ਇਨੀ ਜ਼ਿਆਦਾ ਸੀ ਕਿ ਤਿੰਨੋ ਨੌਜਵਾਨਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਸਥਾਨਕ ਲੋਕਾਂ ਦੀ ਸਿਆਣਪ ਨਾਲ ਪਿਕਅੱਪ ਡਰਾਈਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।

ਮ੍ਰਿਤਕ ਜਗਤਾਰ ਸਿੰਘ ਹਾਲ ਹੀ ਵਿੱਚ ਕੈਨੇਡਾ ਤੋਂ ਵਾਪਸ ਆਇਆ ਸੀ, ਜਦਕਿ ਬੂਟਾ ਸਿੰਘ ਆਪਣੇ ਨਵੇਂ ਘਰ ਦੀ ਤਾਮੀਰ ਕਰਵਾ ਰਿਹਾ ਸੀ। ਤੀਜਾ ਨੌਜਵਾਨ ਗੁਰਮੁਖ ਸਿੰਘ ਪਸ਼ੂਆਂ ਦੀ ਖਰੀਦ-ਫ਼ਰੋਖ਼ਤ ਨਾਲ ਜੁੜਿਆ ਹੋਇਆ ਸੀ ਅਤੇ ਇਲਾਕੇ ਵਿੱਚ ਪਸ਼ੂ ਖਰੀਦਣ ਆਇਆ ਸੀ। ਇਕ ਪਲ ਵਿੱਚ ਤਿੰਨ ਜਿੰਦਗੀਆਂ ਖ਼ਤਮ ਹੋ ਜਾਣ ਕਾਰਨ ਇਲਾਕੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।

ਪੁਲਿਸ ਨੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਬੁਢਲਾਡਾ ਦੇ ਸ਼ਵਗ੍ਰਹਿ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐਸਐਚਓ ਮੇਲਾ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments