Home ਸੰਸਾਰ ਅਮਰੀਕਾ ’ਚ ਨਿਕਿਤਾ ਗੋਡਿਸ਼ਲਾ ਕਤਲ ਮਾਮਲਾ: ਪਿਤਾ ਦਾ ਵੱਡਾ ਖੁਲਾਸਾ, ਦੋਸ਼ੀ ਅਰਜੁਨ...

ਅਮਰੀਕਾ ’ਚ ਨਿਕਿਤਾ ਗੋਡਿਸ਼ਲਾ ਕਤਲ ਮਾਮਲਾ: ਪਿਤਾ ਦਾ ਵੱਡਾ ਖੁਲਾਸਾ, ਦੋਸ਼ੀ ਅਰਜੁਨ ਸ਼ਰਮਾ ਬੁਆਏਫ੍ਰੈਂਡ ਨਹੀਂ ਸਗੋਂ ਰੂਮਮੇਟ ਸੀ

0

ਅਮਰੀਕਾ : 5 ਜਨਵਰੀ (ਸ਼.ਅ.ਬਿਓਰੋ) : ਅਮਰੀਕਾ ਦੇ ਕੋਲੰਬੀਆ ਵਿੱਚ ਡਾਟਾ ਅਤੇ ਸਟ੍ਰੈਟਜੀ ਐਨਾਲਿਸਟ ਨਿਕਿਤਾ ਗੋਡਿਸ਼ਲਾ ਦੇ ਕਤਲ ਮਾਮਲੇ ਵਿੱਚ ਹੁਣ ਨਵੇਂ ਖੁਲਾਸੇ ਸਾਹਮਣੇ ਆਏ ਹਨ। ਨਿਕਿਤਾ ਦੇ ਪਿਤਾ ਆਨੰਦ ਗੋਡਿਸ਼ਲਾ ਨੇ ਦੱਸਿਆ ਹੈ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਦੋਸ਼ੀ ਨੌਜਵਾਨ ਅਰਜੁਨ ਸ਼ਰਮਾ ਨਿਕਿਤਾ ਦਾ ਬੁਆਏਫ੍ਰੈਂਡ ਨਹੀਂ ਸੀ, ਸਗੋਂ ਕੇਵਲ ਉਸਦਾ ਰੂਮਮੇਟ ਸੀ। ਉਨ੍ਹਾਂ ਮੁਤਾਬਕ, ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਕਾਰਨ ਹੀ ਨਿਕਿਤਾ ਦੀ ਹੱਤਿਆ ਕੀਤੀ ਗਈ।

ਨਿਕਿਤਾ ਦੀ ਚਚੇਰੀ ਭੈਣ ਸਰਸਵਤੀ ਗੋਡਿਸ਼ਲਾ ਨੇ ਵੀ ਦੋਸ਼ ਲਗਾਇਆ ਕਿ ਅਰੋਪੀ ਅਰਜੁਨ ਸ਼ਰਮਾ ਨੇ ਨਿਕਿਤਾ ਦੇ ਖਾਤੇ ਵਿੱਚੋਂ ਲਗਭਗ 3500 ਅਮਰੀਕੀ ਡਾਲਰ ਕੱਢਵਾਏ ਸਨ, ਜੋ ਉਸ ਨੇ ਵਾਪਸ ਨਹੀਂ ਕੀਤੇ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਾਫ਼ੀ ਸਮੇਂ ਤੋਂ ਤਕਰਾਰ ਚੱਲ ਰਹੀ ਸੀ।

ਆਨੰਦ ਗੋਡਿਸ਼ਲਾ ਨੇ ਸਪਸ਼ਟ ਕੀਤਾ ਕਿ ਮੀਡੀਆ ਵਿੱਚ ਅਰਜੁਨ ਨੂੰ ਨਿਕਿਤਾ ਦਾ ਐਕਸ ਬੁਆਏਫ੍ਰੈਂਡ ਦੱਸਿਆ ਜਾ ਰਿਹਾ ਹੈ, ਜੋ ਗਲਤ ਹੈ। ਉਨ੍ਹਾਂ ਕਿਹਾ ਕਿ ਨਿਕਿਤਾ ਅਤੇ ਅਰਜੁਨ ਇੱਕ ਸਾਂਝੇ ਘਰ ਵਿੱਚ ਰਹਿੰਦੇ ਸਨ, ਜਿੱਥੇ ਹੋਰ ਲੋਕ ਵੀ ਰਹਿੰਦੇ ਸਨ ਅਤੇ ਸਭ ਨੇ ਮਿਲ ਕੇ ਜੁਆਇੰਟ ਤੌਰ ’ਤੇ ਉਹ ਥਾਂ ਲਈ ਹੋਈ ਸੀ।

ਪਰਿਵਾਰ ਨੇ ਦੱਸਿਆ ਕਿ ਮੀਡੀਆ ਰਾਹੀਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਤਲ ਕਰਨ ਤੋਂ ਬਾਅਦ 2 ਜਨਵਰੀ ਨੂੰ ਅਰਜੁਨ ਨੇ ਨਿਕਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਅਤੇ ਉਸੇ ਦਿਨ ਅਮਰੀਕਾ ਛੱਡ ਕੇ ਭਾਰਤ ਆ ਗਿਆ। ਉੱਥੇ ਹੀ ਅਰਜੁਨ ਦੇ ਚੰਡੀਗੜ੍ਹ ਵਿੱਚ ਸਥਿਤ ਘਰ ਦੇ ਪਤੇ ਬਾਰੇ ਹਾਲੇ ਤੱਕ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ।

ਨਿਕਿਤਾ ਗੋਡਿਸ਼ਲਾ ਮੂਲ ਰੂਪ ਵਿੱਚ ਹੈਦਰਾਬਾਦ ਦੀ ਰਹਿਣ ਵਾਲੀ ਸੀ। ਪਰਿਵਾਰ ਨੇ ਅਮਰੀਕਾ ਸਥਿਤ ਭਾਰਤੀ ਦੂਤਾਵਾਸ ਤੋਂ ਮੰਗ ਕੀਤੀ ਹੈ ਕਿ ਨਿਕਿਤਾ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ, ਤਾਂ ਜੋ ਪਰਿਵਾਰ ਆਖ਼ਰੀ ਸੰਸਕਾਰ ਕਰ ਸਕੇ।

ਆਨੰਦ ਗੋਡਿਸ਼ਲਾ ਨੇ ਕੇਂਦਰ ਅਤੇ ਰਾਜ ਸਰਕਾਰਾਂ ਕੋਲੋਂ ਵੀ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਪੂਰੀ ਮਦਦ ਦਿੱਤੀ ਜਾਵੇ ਅਤੇ ਕਾਨੂੰਨੀ ਕਾਰਵਾਈ ਨੂੰ ਪਾਰਦਰਸ਼ੀ ਢੰਗ ਨਾਲ ਅੱਗੇ ਵਧਾਇਆ ਜਾਵੇ, ਤਾਂ ਜੋ ਸੱਚ ਸਾਹਮਣੇ ਆ ਸਕੇ।

Exit mobile version