ਯਮੁਨਾਨਗਰ: 4 ਜਨਵਰੀ 2026: ਯਮੁਨਾਨਗਰ ਦੇ ਭੰਭੋਲ ਪਿੰਡ ਵਿੱਚ ਪਤੰਗ ਦੀ ਡੋਰ ਨੂੰ ਲੈ ਕੇ ਦੋ ਨਿੱਕੇ ਬੱਚਿਆਂ ਵਿਚਕਾਰ ਹੋਇਆ ਵਿਵਾਦ ਇੰਨਾ ਭੜਕ ਗਿਆ ਕਿ ਗੱਲ ਇੱਕ ਵਿਅਕਤੀ ਦੇ ਕਤਲ ਤੱਕ ਪਹੁੰਚ ਗਈ। ਇਸ ਘਟਨਾ ਵਿੱਚ ਇੱਕ ਬੱਚੇ ਦੇ ਪਿਤਾ ਰਾਜੇਸ਼ ਦੀ ਕੁੱਟਮਾਰ ਦੌਰਾਨ ਮੌਤ ਹੋ ਗਈ, ਜਦਕਿ ਮੁਲਜ਼ਮ ਪਰਿਵਾਰ ਘਟਨਾ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ। ਪਿੰਡ ਵਿੱਚ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ, ਪਤੰਗ ਉਡਾਉਂਦੇ ਸਮੇਂ ਦੋ ਬੱਚਿਆਂ ਵਿਚਕਾਰ ਡੋਰ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਦੌਰਾਨ ਇੱਕ ਬੱਚੇ ਦੀ ਉਂਗਲੀ ‘ਤੇ ਡੋਰ ਨਾਲ ਕੱਟ ਲੱਗ ਗਿਆ। ਘਰ ਪਹੁੰਚਣ ‘ਤੇ ਬੱਚੇ ਨੇ ਕੱਟ ਬਾਰੇ ਪਰਿਵਾਰ ਨੂੰ ਹੋਰ ਬਹਾਨਾ ਦੱਸਿਆ। ਜਦੋਂ ਬੱਚੇ ਦੀ ਮਾਂ ਨੇ ਉਂਗਲੀ ‘ਤੇ ਕੱਟ ਦੇਖਿਆ ਤਾਂ ਦੂਜੇ ਪਰਿਵਾਰ ਨਾਲ ਤਕਰਾਰ ਹੋ ਗਈ, ਜੋ ਜਲਦੀ ਹੀ ਵੱਡਿਆਂ ਦੇ ਝਗੜੇ ਵਿੱਚ ਬਦਲ ਗਈ।
ਦੇਰ ਸ਼ਾਮ ਦੂਜੇ ਬੱਚੇ ਦਾ ਪਿਤਾ ਰਾਜੇਸ਼ ਜਦੋਂ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਰਾਹ ਵਿਚ ਹੀ ਝਗੜੇ ਦੀ ਜਾਣਕਾਰੀ ਮਿਲ ਗਈ। ਘਰ ਪਹੁੰਚਣ ਤੋਂ ਪਹਿਲਾਂ ਹੀ ਵਿਵਾਦ ਫਿਰ ਭੜਕ ਉਠਿਆ। ਦੋਸ਼ ਹੈ ਕਿ ਜਿਸ ਬੱਚੇ ਦੀ ਉਂਗਲੀ ‘ਤੇ ਕੱਟ ਲੱਗਿਆ ਸੀ, ਉਸ ਦੇ ਪਰਿਵਾਰਕ ਮੈਂਬਰਾਂ ਨੇ ਰਾਜੇਸ਼ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਖੂਨ ਨਾਲ ਲੱਥਪੱਥ ਰਾਜੇਸ਼ ਨੂੰ ਤੁਰੰਤ ਜਗਾਧਰੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਰਾਜੇਸ਼ ਦੀ ਮੌਤ ਦੀ ਖ਼ਬਰ ਫੈਲਦੇ ਹੀ ਪਿੰਡ ਵਿੱਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣ ਗਿਆ। ਇਸ ਦੌਰਾਨ ਮੁਲਜ਼ਮ ਪਰਿਵਾਰ ਘਰੋਂ ਫਰਾਰ ਹੋ ਗਿਆ।
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।







