Homeਦੇਸ਼ਆਸਾਮ ਚੋਣਾਂ ਲਈ ਸਕ੍ਰੀਨਿੰਗ ਕਮੇਟੀ ਦੀ ਚੇਅਰਪਰਸਨ ਬਣੀ ਪ੍ਰਿਅੰਕਾ ਗਾਂਧੀ ਵਾਡਰਾ

ਆਸਾਮ ਚੋਣਾਂ ਲਈ ਸਕ੍ਰੀਨਿੰਗ ਕਮੇਟੀ ਦੀ ਚੇਅਰਪਰਸਨ ਬਣੀ ਪ੍ਰਿਅੰਕਾ ਗਾਂਧੀ ਵਾਡਰਾ

ਗੁਹਾਟੀ/ਨਵੀਂ ਦਿੱਲੀ: ਕਾਂਗਰਸ ਪਾਰਟੀ ਨੇ ਆਸਾਮ ਵਿਧਾਨ ਸਭਾ ਚੋਣਾਂ ਦੀ ਤਿਆਰੀਆਂ ਨੂੰ ਤੇਜ਼ ਕਰਦਿਆਂ ਵੱਡਾ ਫੈਸਲਾ ਲਿਆ ਹੈ। ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਆਸਾਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਸੰਬੰਧੀ ਸਕ੍ਰੀਨਿੰਗ ਕਮੇਟੀ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।

ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਵੱਲੋਂ ਸਨਿਚਰਵਾਰ ਰਾਤ ਨੂੰ ਪੰਜ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਲਈ ਸਕ੍ਰੀਨਿੰਗ ਕਮੇਟੀਆਂ ਦੇ ਗਠਨ ਦਾ ਐਲਾਨ ਕੀਤਾ ਗਿਆ। ਇਹ ਕਮੇਟੀਆਂ ਆਸਾਮ, ਪਛਮੀ ਬੰਗਾਲ, ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀਆਂ ਸੂਚੀਆਂ ਨੂੰ ਅੰਤਿਮ ਰੂਪ ਦੇਣਗੀਆਂ।

ਬਿਆਨ ਮੁਤਾਬਕ, ਆਸਾਮ ਲਈ ਬਣਾਈ ਗਈ ਚਾਰ ਮੈਂਬਰੀ ਸਕ੍ਰੀਨਿੰਗ ਕਮੇਟੀ ਦੀ ਅਗਵਾਈ ਪ੍ਰਿਅੰਕਾ ਗਾਂਧੀ ਵਾਡਰਾ ਕਰਨਗੀਆਂ। ਉਨ੍ਹਾਂ ਦੇ ਨਾਲ ਲੋਕ ਸਭਾ ਮੈਂਬਰ ਇਮਰਾਨ ਮਸੂਦ ਅਤੇ ਸਪਤਗਿਰੀ ਸ਼ੰਕਰ ਉਲਾਕਾ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ, ਜਦਕਿ ਸਿਰੀਵੇਲਾ ਪ੍ਰਸਾਦ ਵੀ ਇਸ ਕਮੇਟੀ ਵਿੱਚ ਸ਼ਾਮਲ ਹੋਣਗੇ।

ਕੇਰਲ ਲਈ ਸਕ੍ਰੀਨਿੰਗ ਕਮੇਟੀ ਦੀ ਅਗਵਾਈ ਕਾਂਗਰਸ ਦੇ ਸੀਨੀਅਰ ਨੇਤਾ ਮਧੂਸੂਦਨ ਮਿਸਤਰੀ ਕਰਨਗੇ। ਛੱਤੀਸਗੜ੍ਹ ਦੇ ਸਾਬਕਾ ਉਪ ਮੁੱਖ ਮੰਤਰੀ ਟੀ.ਐਸ. ਸਿੰਘ ਦਿਓ ਨੂੰ ਤਾਮਿਲਨਾਡੂ ਅਤੇ ਪੁਡੂਚੇਰੀ ਲਈ ਸਕ੍ਰੀਨਿੰਗ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਪਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਸੀਨੀਅਰ ਨੇਤਾ ਬੀ.ਕੇ. ਹਰੀਪ੍ਰਸਾਦ ਸਕ੍ਰੀਨਿੰਗ ਕਮੇਟੀ ਦੀ ਅਗਵਾਈ ਕਰਨਗੇ।

ਪਛਮੀ ਬੰਗਾਲ ਲਈ ਬਣੀ ਕਮੇਟੀ ਵਿੱਚ ਮੁਹੰਮਦ ਜਾਵੇਦ, ਮਮਤਾ ਦੇਵੀ ਅਤੇ ਬੀ.ਪੀ. ਸਿੰਘ ਨੂੰ ਮੈਂਬਰ ਬਣਾਇਆ ਗਿਆ ਹੈ। ਕੇਰਲ ਦੀ ਸਕ੍ਰੀਨਿੰਗ ਕਮੇਟੀ ਵਿੱਚ ਰਾਜ ਸਭਾ ਮੈਂਬਰ ਸਈਦ ਨਸੀਰ ਹੁਸੈਨ, ਨੀਰਜ ਡਾਂਗੀ ਅਤੇ ਅਭਿਸ਼ੇਕ ਦੱਤ ਸ਼ਾਮਲ ਹੋਣਗੇ। ਤਾਮਿਲਨਾਡੂ ਅਤੇ ਪੁਡੂਚੇਰੀ ਲਈ ਬਣੇ ਪੈਨਲ ਵਿੱਚ ਯਸ਼ੋਮਤੀ ਠਾਕੁਰ, ਜੀ.ਸੀ. ਚੰਦਰਸ਼ੇਖਰ ਅਤੇ ਅਨਿਲ ਕੁਮਾਰ ਯਾਦਵ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਆਸਾਮ, ਕੇਰਲ, ਪਛਮੀ ਬੰਗਾਲ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਅਗਲੇ ਕੁਝ ਮਹੀਨਿਆਂ ਦੌਰਾਨ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 126 ਮੈਂਬਰੀ ਆਸਾਮ ਵਿਧਾਨ ਸਭਾ ਦੀਆਂ ਚੋਣਾਂ ਇਸ ਸਾਲ ਮਾਰਚ–ਅਪ੍ਰੈਲ ਵਿੱਚ ਹੋਣ ਦੀ ਸੰਭਾਵਨਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments