ਪ੍ਰੈਸ ਦੀ ਆਜ਼ਾਦੀ ‘ਤੇ ਹਮਲੇ ਦਾ ਤਿੱਖਾ ਵਿਰੋਧ
ਚੰਡੀਗੜ੍ਹ, 4 ਜਨਵਰੀ 2026: (ਚੌਧਰੀ ਪ੍ਰਭਜੀਤ ਸਿੰਘ) : ਮੁੱਖ ਮੰਤਰੀ ਦੇ ਹੈਲੀਕਾਪਟਰ ਬਾਰੇ ਸਵਾਲ ਚੁੱਕਣ ਦੇ ਮਾਮਲੇ ਵਿੱਚ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ, ਮਿੰਟੂ ਗੁਰੂਸਰੀਆ, ਆਰਟੀਆਈ ਕਾਰਕੁੰਨ ਮਾਨਿਕ ਗੋਇਲ ਸਮੇਤ 10 ਪੱਤਰਕਾਰਾਂ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਸੈਕਟਰ-17 ਵਿਖੇ ਵੱਡਾ ਜਨਤਕ ਇਕੱਠ ਕੀਤਾ ਗਿਆ।
ਇਸ ਇਕੱਠ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂ, ਜਨਤਕ ਜਥੇਬੰਦੀਆਂ ਦੇ ਨੇਤਾ, ਸਮਾਜਿਕ ਕਾਰਕੁਨ, ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂ ਅਤੇ ਪ੍ਰੈਸ ਕਲੱਬਾਂ ਦੇ ਸੀਨੀਅਰ ਪੱਤਰਕਾਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਇਕੱਠ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਸੌਰਵ ਦੁੱਗਲ, ਭਾਜਪਾ ਦੇ ਵਿਨੀਤ ਜੋਸ਼ੀ, ਅਨਿਲ ਸਰੀਨ, ਐਡਵੋਕੇਟ ਹਰਮੀਤ ਬਰਾੜ, ਜਮਹੂਰੀ ਅਧਿਕਾਰ ਸਭਾ ਦੇ ਆਗੂ, ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ, ਅਵਤਾਰ ਸਿੰਘ ਮਹਿਮਾ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਬਲਜੀਤ ਪਰਮਾਰ ਸਮੇਤ ਹੋਰ ਕਈ ਪ੍ਰਮੁੱਖ ਆਗੂ ਮੌਜੂਦ ਰਹੇ।
ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੰਜਾਬ ਸਰਕਾਰ ਦੇ ਸਿਸਟਮ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸੂਬੇ ਵਿੱਚ ਪ੍ਰੈਸ ਦੀ ਆਜ਼ਾਦੀ ‘ਤੇ ਲਗਾਤਾਰ ਹਮਲੇ ਹੋ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਸਰਕਾਰੀ ਸ਼ਹਿ ‘ਤੇ ਸੱਚ ਬੋਲਣ ਵਾਲੇ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨਾਂ ਵਿਰੁੱਧ ਕੇਸ ਦਰਜ ਕਰ ਰਹੀ ਹੈ, ਜੋ ਲੋਕਤੰਤਰ ਲਈ ਗੰਭੀਰ ਖ਼ਤਰਾ ਹੈ।
ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪ੍ਰੈਸ ਦੀ ਆਜ਼ਾਦੀ ‘ਤੇ ਕੀਤਾ ਗਿਆ ਇਹ ਸਿੱਧਾ ਹਮਲਾ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਐਲਾਨ ਕੀਤਾ ਕਿ ਪੱਤਰਕਾਰਾਂ ਵੱਲੋਂ ਜਿਹੜਾ ਵੀ ਅਗਲਾ ਸੰਘਰਸ਼ ਉਲੀਕਿਆ ਜਾਵੇਗਾ, ਉਹ ਉਸ ਵਿੱਚ ਪੂਰੀ ਤਰ੍ਹਾਂ ਨਾਲ ਸ਼ਾਮਿਲ ਹੋਣਗੇ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਦੌਰਾਨ ਕਿਸੇ ਵੀ ਪੱਤਰਕਾਰ ਵਿਰੁੱਧ ਕੇਸ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਸਮੇਤ ਅਕਾਲੀ ਦਲ ਨੇ ਹਮੇਸ਼ਾ ਪ੍ਰੈਸ ਦਾ ਸਤਿਕਾਰ ਕੀਤਾ ਹੈ। ਬਾਦਲ ਨੇ ਕਿਹਾ ਕਿ ਪੱਤਰਕਾਰਾਂ ਦਾ ਮੁੱਖ ਫਰਜ਼ ਸੱਚ ਨੂੰ ਉਜਾਗਰ ਕਰਨਾ ਹੁੰਦਾ ਹੈ ਅਤੇ ਇਸ ਫਰਜ਼ ਨੂੰ ਨਿਭਾਉਣ ‘ਤੇ ਕੇਸ ਦਰਜ ਕਰਨਾ ਨਿੰਦਣਯੋਗ ਹੈ।
ਇਕੱਠ ਵਿੱਚ ਸ਼ਾਮਿਲ ਸਾਰੇ ਆਗੂਆਂ ਨੇ ਇੱਕਸੁਰ ਵਿੱਚ ਐਫਆਈਆਰ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪਿੱਛੇ ਕਦਮ ਨਾ ਖਿੱਚੇ, ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
