(ਨਾਈਜੀਰੀਆ): ਨਾਈਜੀਰੀਆ ਦੇ ਨਾਈਜਰ ਸੂਬੇ ਵਿੱਚ ਸ਼ਨੀਵਾਰ ਸ਼ਾਮ ਨੂੰ ਵਾਪਰੀ ਇੱਕ ਭਿਆਨਕ ਘਟਨਾ ਦੌਰਾਨ ਬੰਦੂਕਧਾਰੀਆਂ ਨੇ ਕਾਸੁਆਨ-ਦਾਜੀ ਪਿੰਡ ’ਤੇ ਹਮਲਾ ਕਰਕੇ ਘੱਟੋ-ਘੱਟ 30 ਪਿੰਡ ਵਾਸੀਆਂ ਦੀ ਹੱਤਿਆ ਕਰ ਦਿੱਤੀ, ਜਦਕਿ ਕਈ ਹੋਰ ਲੋਕਾਂ ਨੂੰ ਅਗਵਾ ਕਰ ਲਿਆ ਗਿਆ। ਇਸ ਘਟਨਾ ਦੀ ਪੁਸ਼ਟੀ ਸੂਬਾਈ ਪੁਲਿਸ ਵੱਲੋਂ ਕੀਤੀ ਗਈ ਹੈ।
ਨਾਈਜਰ ਸੂਬੇ ਦੇ ਪੁਲਿਸ ਬੁਲਾਰੇ ਵਾਸਿਓ ਅਬਿਓਦੁਨ ਨੇ ਦੱਸਿਆ ਕਿ ਹਮਲਾਵਰਾਂ ਨੇ ਬੋਰਗੂ ਸਥਾਨਕ ਪ੍ਰਸ਼ਾਸਨ ਖੇਤਰ ਅਧੀਨ ਆਉਂਦੇ ਕਾਸੁਆਨ-ਦਾਜੀ ਪਿੰਡ ਵਿੱਚ ਅਚਾਨਕ ਧਾਵਾ ਬੋਲਿਆ ਅਤੇ ਪਿੰਡ ਵਾਸੀਆਂ ’ਤੇ ਅੰਧਾਧੁੰਦ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਮਲੇ ਦੌਰਾਨ ਬੰਦੂਕਧਾਰੀਆਂ ਨੇ ਸਥਾਨਕ ਬਾਜ਼ਾਰ ਅਤੇ ਕਈ ਘਰਾਂ ਨੂੰ ਅੱਗ ਵੀ ਲਗਾ ਦਿੱਤੀ, ਜਿਸ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਉੱਥੇ ਹੀ ਦੋ ਪਿੰਡ ਵਾਸੀਆਂ ਨੇ ਮਰਨ ਵਾਲਿਆਂ ਦੀ ਗਿਣਤੀ 37 ਦੱਸੀ ਹੈ ਅਤੇ ਆਸ਼ੰਕਾ ਜਤਾਈ ਹੈ ਕਿ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ, ਕਿਉਂਕਿ ਐਤਵਾਰ ਤੱਕ ਵੀ ਕਈ ਲੋਕ ਲਾਪਤਾ ਦੱਸੇ ਜਾ ਰਹੇ ਸਨ। ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਵੀ ਸੁਰੱਖਿਆ ਬਲ ਇਲਾਕੇ ਵਿੱਚ ਨਹੀਂ ਪਹੁੰਚੇ, ਜੋ ਪੁਲਿਸ ਦੇ ਉਸ ਦਾਅਵੇ ’ਤੇ ਸਵਾਲ ਖੜ੍ਹੇ ਕਰਦਾ ਹੈ, ਜਿਸ ਵਿੱਚ ਅਗਵਾ ਕੀਤੇ ਗਏ ਲੋਕਾਂ ਦੀ ਭਾਲ ਲਈ ਅਧਿਕਾਰੀ ਤਾਇਨਾਤ ਕਰਨ ਦੀ ਗੱਲ ਕੀਤੀ ਗਈ ਸੀ।
ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਡਰ ਅਤੇ ਅਣਸ਼ਚਿਤਤਾ ਦਾ ਮਾਹੌਲ ਹੈ, ਜਦਕਿ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।







