ਪਟਿਆਲਾ, 3 ਜਨਵਰੀ (ਜਤਿੰਦਰ ਗਰਗ) : ਪਟਿਆਲਾ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਸੰਭਾਲ, ਇਲਾਜ ਅਤੇ ਨਸਬੰਦੀ ਨੂੰ ਸੁਚੱਜੇ ਢੰਗ ਨਾਲ ਅੰਜਾਮ ਦੇਣ ਲਈ ਨਗਰ ਨਿਗਮ ਪਟਿਆਲਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਤਹਿਤ ਅੱਜ ਮੇਅਰ ਕੁੰਦਨ ਗੋਗੀਆ ਵੱਲੋਂ ਸ਼ਹਿਰ ਦੇ ਦੋ ਅਹਿਮ ਡੋਗ ਸ਼ੈਲਟਰ ਹਾਊਸਾਂ ਦਾ ਦੌਰਾ ਕੀਤਾ ਗਿਆ। ਮੇਅਰ ਨੇ ਮੌਜੂਦਾ ਤੌਰ ’ਤੇ ਚੱਲ ਰਹੇ ਡੋਗ ਸ਼ੈਲਟਰ ਹਾਊਸ ਦੇ ਨਾਲ ਨਾਲ ਨਵੇਂ ਬਣ ਰਹੇ ਏਬੀਸੀ (ਐਨੀਮਲ ਬਰਥ ਕੰਟਰੋਲ) ਸੈਂਟਰ ਦਾ ਵੀ ਵਿਸਥਾਰ ਨਾਲ ਮੁਆਇਨਾ ਕੀਤਾ।
ਇਸ ਦੌਰਾਨ ਮੇਅਰ ਵੱਲੋਂ ਮੌਜੂਦਾ ਡੋਗ ਸ਼ੈਲਟਰ ਹਾਊਸ ਦਾ ਵੀ ਦੌਰਾ ਕੀਤਾ ਗਿਆ, ਜਿੱਥੇ ਅਵਾਰਾ ਕੁੱਤਿਆਂ ਦੀ ਨਸਬੰਦੀ (ਆਪਰੇਸ਼ਨ), ਇਲਾਜ ਅਤੇ ਦੇਖਭਾਲ ਕੀਤੀ ਜਾਂਦੀ ਹੈ। ਮੇਅਰ ਨੇ ਉੱਥੇ ਚੱਲ ਰਹੇ ਆਪਰੇਸ਼ਨਾਂ ਦੀ ਪ੍ਰਕਿਰਿਆ, ਡਾਕਟਰੀ ਸਹੂਲਤਾਂ, ਸਾਫ਼–ਸਫ਼ਾਈ ਅਤੇ ਕੁੱਤਿਆਂ ਨੂੰ ਦਿੱਤੀ ਜਾ ਰਹੀ ਦੇਖਭਾਲ ਬਾਰੇ ਜਾਂਚ ਕੀਤੀ।
ਮੇਅਰ ਨੇ ਨਵੇਂ ਬਣ ਰਹੇ ਏਬੀਸੀ ਸੈਂਟਰ ਵਿੱਚ ਚੱਲ ਰਹੀ ਕੰਸਟਰਕਸ਼ਨ ਦੇ ਕੰਮ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਇਸਨੂੰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਵੇਂ ਸ਼ੈਲਟਰ ਦੇ ਤਿਆਰ ਹੋਣ ਨਾਲ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਸੰਭਾਲ ਹੋਰ ਬਿਹਤਰ ਢੰਗ ਨਾਲ ਕੀਤੀ ਜਾ ਸਕੇਗੀ।
ਮੇਅਰ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਦਾ ਮਕਸਦ ਸਿਰਫ਼ ਅਵਾਰਾ ਕੁੱਤਿਆਂ ਨੂੰ ਫੜਨਾ ਨਹੀਂ, ਸਗੋਂ ਉਨ੍ਹਾਂ ਦੀ ਮਨੁੱਖੀ ਢੰਗ ਨਾਲ ਸੰਭਾਲ, ਇਲਾਜ, ਨਸਬੰਦੀ ਅਤੇ ਸੁਰੱਖਿਅਤ ਰਿਹਾਇਸ਼ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਏਬੀਸੀ ਸੈਂਟਰ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਨਿਯੰਤਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਮੇਅਰ ਨੇ ਅਧਿਕਾਰੀਆਂ ਅਤੇ ਸਟਾਫ਼ ਦੀ ਸਰਾਹਨਾ ਕਰਦਿਆਂ ਕਿਹਾ ਕਿ ਜੇ ਨਗਰ ਨਿਗਮ ਅਤੇ ਸ਼ਹਿਰਵਾਸੀ ਮਿਲ ਕੇ ਕੰਮ ਕਰਨ, ਤਾਂ ਅਵਾਰਾ ਕੁੱਤਿਆਂ ਨਾਲ ਜੁੜੀ ਸਮੱਸਿਆ ਦਾ ਸਥਾਈ ਅਤੇ ਮਨੁੱਖੀ ਹੱਲ ਨਿਕਲ ਸਕਦਾ ਹੈ।
ਫੋਟੋ:







