– ਜਲਦ ਹੋਰ ਲੋਕ-ਹਿਤੈਸ਼ੀ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ – ਚੇਅਰਮੈਨ ਹਡਾਣਾ
ਪਟਿਆਲਾ, 3 ਜਨਵਰੀ (ਛਤਰਪਾਲ ਸਿੰਘ): ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ ਆਰ ਟੀ ਸੀ ਪੰਜਾਬ ਅਤੇ ਹਲਕਾ ਇੰਚਾਰਜ ਸਨੌਰ ਵਲੋਂ ਨਵੇਂ ਬੱਸ ਸਟੈਂਡ ਪਟਿਆਲਾ ਵਿਖੇ ਸਵਾਰੀਆਂ ਨੂੰ ਹੋਰ ਸੁਵਿਧਾਜਨਕ, ਸੁਰੱਖਿਅਤ ਅਤੇ ਆਰਾਮਦਾਇਕ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਨਵੇਂ ਬੱਸ ਸਟੈਂਡ ਪਟਿਆਲਾ ਵਿਖੇ ਉਸਾਰੇ ਗਏ ਨਵੇਂ ਟਰਮੀਨਲ ਸ਼ੈੱਡ ਲੋਕਾਂ ਨੂੰ ਸਪੁਰਦ ਕੀਤਾ ਗਿਆ। ਇਸ ਮੌਕੇ ਉਨ੍ਹਾਂ
ਭਗਵੰਤ ਸਿੰਘ ਮਾਨ, ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਲਾਲਜੀਤ ਸਿੰਘ ਭੁੱਲਰ, ਟਰਾਂਸਪੋਰਟ ਮੰਤਰੀ ਪੰਜਾਬ ਵੱਲੋ ਮਹਿਕਮੇ ਲਈ ਕੀਤੇ ਯਤਨਾਂ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।
ਚੇਅਰਮੈਨ ਰਣਜੋਧ ਹਡਾਣਾ ਨੇ ਸ਼ੈੱਡ ਦਾ ਉਦਘਾਟਨ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਕਿਹਾ ਕਿ ਸਵਾਰੀਆਂ ਦੀ ਲੰਮੇ ਸਮੇਂ ਤੋਂ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਕਾਊਂਟਰਾਂ ਦੇ ਦੋਵੇਂ ਪਾਸਿਆਂ ‘ਤੇ ਵਿਸ਼ਾਲ ਟਰਮੀਨਲ ਸ਼ੈੱਡ ਦੀ ਉਸਾਰੀ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਲਗਭਗ ₹167.32 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਪ੍ਰੋਜੈਕਟ ਕਰੀਬ 6 ਮਹੀਨਿਆਂ ਦੇ ਸਮੇਂ ਅੰਦਰ ਮੁਕੰਮਲ ਕੀਤਾ ਗਿਆ ਹੈ। ਇਸ ਸ਼ੈੱਡ ਦੇ ਲੋਕ-ਅਰਪਣ ਨਾਲ ਹੁਣ ਸਵਾਰੀਆਂ ਨੂੰ ਗਰਮੀਆਂ ਦੀ ਤਿੱਖੀ ਧੁੱਪ, ਸਰਦੀਆਂ ਦੀ ਕੜਾਕੇਦਾਰ ਠੰਢ ਅਤੇ ਮਾਨਸੂਨ ਦੌਰਾਨ ਬਾਰਿਸ਼ ਤੋਂ ਰਾਹਤ ਮਿਲੇਗੀ। ਇਸ ਨਾਲ ਬੱਸ ਸਟੈਂਡ ‘ਤੇ ਉਡੀਕ ਕਰ ਰਹੀਆਂ ਸਵਾਰੀਆਂ ਨੂੰ ਕਾਫੀ ਸਹੂਲਤ ਪ੍ਰਾਪਤ ਹੋਵੇਗੀ ਅਤੇ ਬੱਸ ਸਟੈਂਡ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਇਆ ਹੈ।
ਚੇਅਰਮੈਨ ਹਡਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਸਵਾਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਟਰਾਂਸਪੋਰਟ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪੀ.ਆਰ.ਟੀ.ਸੀ. ਵੱਲੋਂ ਲੋਕ-ਹਿਤੈਸ਼ੀ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਨਵੀਆਂ ਬੱਸਾਂ ਵੀ ਜਲਦ ਪੀ ਆਰ ਟੀ ਸੀ ਦੇ ਬੇੜੇ ਵਿੱਚ ਸ਼ਾਮਲ ਹੋ ਰਹੀਆਂ ਹਨ।
ਇਸ ਮੌਕੇ ਨਵਦੀਪ ਕੁਮਾਰ, ਵਧੀਕ ਮੈਨੇਜਿੰਗ ਡਾਇਰੈਕਟਰ, ਜਤਿੰਦਰਪਾਲ ਸਿੰਘ ਗਰੇਵਾਲ, ਜੀ.ਐਮ. ਪਟਿਆਲਾ ਸਮੇਤ ਹੋਰ ਅਧਿਕਾਰੀ ਹਾਜ਼ਰ ਰਹੇ।







