ਨਵੀਂ ਦਿੱਲੀ 3 ਜਨਵਰੀ (ਛਤਰਪਾਲ ਸਿੰਘ): ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਦੇ ਮੱਦੇਨਜ਼ਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵੱਡੀ ਕਾਰਵਾਈ ਕਰਦਿਆਂ ਆਈਪੀਐਲ ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ਤੋਂ ਰਿਹਾਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਲੀਆ ਘਟਨਾਕ੍ਰਮ ਅਤੇ ਉਭਰੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਬੋਰਡ ਨੇ ਕੇਕੇਆਰ ਨੂੰ ਆਪਣੇ ਖਿਡਾਰੀ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ਤੋਂ ਹਟਾਉਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਫਰੈਂਚਾਇਜ਼ੀ ਕਿਸੇ ਬਦਲਵੇਂ ਖਿਡਾਰੀ ਦੀ ਮੰਗ ਕਰਦੀ ਹੈ ਤਾਂ ਬੀਸੀਸੀਆਈ ਵੱਲੋਂ ਇਸ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਵਿੱਚ ਹਿੰਦੂ ਘੱਟ ਗਿਣਤੀ ਵਿਰੁੱਧ ਵਧ ਰਹੀ ਹਿੰਸਾ ਦੇ ਚਲਦੇ ਮੁਸਤਫਿਜ਼ੁਰ ਰਹਿਮਾਨ ਦੇ ਆਈਪੀਐਲ ਵਿੱਚ ਭਾਗ ਲੈਣ ਦਾ ਵਿਰੋਧ ਕੀਤਾ ਜਾ ਰਿਹਾ ਸੀ। ਰਿਪੋਰਟਾਂ ਮੁਤਾਬਕ ਪਿਛਲੇ 14 ਦਿਨਾਂ ਦੌਰਾਨ ਤਿੰਨ ਹਿੰਦੂਆਂ ਦੀ ਹੱਤਿਆ ਹੋ ਚੁੱਕੀ ਹੈ, ਜਿਸ ਕਾਰਨ ਇਹ ਮਾਮਲਾ ਕਾਫ਼ੀ ਸੰਵੇਦਨਸ਼ੀਲ ਬਣ ਗਿਆ ਹੈ।
ਗੌਰਤਲਬ ਹੈ ਕਿ ਆਈਪੀਐਲ 2026 ਦੀ ਸ਼ੁਰੂਆਤ 26 ਮਾਰਚ ਨੂੰ ਹੋਵੇਗੀ, ਜਦਕਿ ਲੀਗ ਦਾ ਫਾਈਨਲ ਮੈਚ 31 ਮਈ 2026 ਨੂੰ ਖੇਡਿਆ ਜਾਵੇਗਾ। ਬੀਸੀਸੀਆਈ ਦੇ ਇਸ ਫ਼ੈਸਲੇ ਤੋਂ ਬਾਅਦ ਆਈਪੀਐਲ ਅਤੇ ਅੰਤਰਰਾਸ਼ਟਰੀ ਕ੍ਰਿਕਟ ਜਗਤ ਵਿੱਚ ਚਰਚਾ ਤੇਜ਼ ਹੋ ਗਈ ਹੈ।
