ਚੰਡੀਗੜ੍ਹ, 1 ਜਨਵਰੀ (ਛਤਰਪਾਲ ਸਿੰਘ) : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਵੱਡਾ ਐਲਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2023 ਵਿੱਚ ‘ਸਾਡੇ ਬਜ਼ੁਰਗ ਸਾਡਾ ਮਾਣ ਹਨ’ ਮੁਹਿੰਮ ਤਹਿਤ 20 ਹਜ਼ਾਰ ਬਜ਼ੁਰਗਾਂ ਨੂੰ ਨਾਲ ਜੋੜ ਕੇ ਖੇਤਰਾਂ ਵਿੱਚ ਕੰਮ ਕੀਤਾ ਗਿਆ ਸੀ। ਇਸੇ ਤਰ੍ਹਾਂ ਇਸ ਸਾਲ ਵੀ 16 ਜਨਵਰੀ ਤੋਂ ਬਜ਼ੁਰਗਾਂ ਦੀ ਸਿਹਤ ਨਾਲ ਸੰਬੰਧਿਤ ਕੈਂਪਾਂ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਨ੍ਹਾਂ ਲਈ ਪੂਰੀ ਸਾਰਣੀ ਤਿਆਰ ਕਰ ਲਈ ਗਈ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਬਜ਼ੁਰਗਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚਸ਼ਮੇ, ਬੈਲਟਾਂ, ਵ੍ਹੀਲਚੇਅਰਾਂ, ਆਰਥੋ ਨਾਲ ਜੁੜੀਆਂ ਸਹੂਲਤਾਂ, ਛੜੀਆਂ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਲੋੜ ਅਨੁਸਾਰ ਆਪ੍ਰੇਸ਼ਨ ਵੀ ਕਰਵਾਏ ਜਾਣਗੇ, ਜਿਸ ’ਤੇ ਕੁੱਲ 7 ਕਰੋੜ 87 ਲੱਖ ਰੁਪਏ ਖਰਚ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਕੈਂਪਾਂ ਦੌਰਾਨ ਬਜ਼ੁਰਗਾਂ ਦੀ ਸਕ੍ਰੀਨਿੰਗ ਵੀ ਕੀਤੀ ਜਾਵੇਗੀ, ਜਿਸ ਵਿੱਚ ਉਨ੍ਹਾਂ ਦੇ ਇਕੱਲੇਪਣ ਅਤੇ ਜਾਇਦਾਦ ਨਾਲ ਜੁੜੇ ਵਿਵਾਦਾਂ ਨੂੰ ਹੱਲ ਕਰਨ ਲਈ ਕਦਮ ਚੁੱਕੇ ਜਾਣਗੇ। ਇਸ ਸਬੰਧ ਵਿੱਚ ਪਹਿਲਾਂ 1789 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ 10 ਜਨਵਰੀ ਤੱਕ ਬਿਰਧ ਆਸ਼ਰਮ ਤਿਆਰ ਹੋ ਜਾਵੇਗਾ, ਜਿਸ ’ਤੇ 9 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 6 ਕਰੋੜ ਰੁਪਏ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਜਾਰੀ ਕੀਤੇ ਜਾਣਗੇ, ਜੋ ਸਰਕਾਰੀ ਸਕੀਮਾਂ ਦੇ ਲਾਗੂ ਕਰਨ ਵਿੱਚ ਸਹਿਯੋਗ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਵਿੱਚ ਬਜ਼ੁਰਗ ਇਕੱਲੇ ਰਹਿ ਗਏ ਹਨ ਅਤੇ ਉਨ੍ਹਾਂ ਦਾ ਕੋਈ ਸਹਾਰਾ ਨਹੀਂ, ਉਨ੍ਹਾਂ ਦੀ ਰੈਸਕਿਊ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਸਮੇਂ ਹੁਸ਼ਿਆਰਪੁਰ, ਤਪਾ ਅਤੇ ਮਾਨਸਾ ਵਿੱਚ 3 ਸਰਕਾਰੀ ਬਿਰਧ ਆਸ਼ਰਮ ਚੱਲ ਰਹੇ ਹਨ, ਜਦਕਿ 17 ਸਮਾਜ ਸੇਵੀ ਸੰਸਥਾਵਾਂ ਵੀ ਬਜ਼ੁਰਗਾਂ ਦੀ ਸੇਵਾ ਕਰ ਰਹੀਆਂ ਹਨ।
ਬਜ਼ੁਰਗਾਂ ਦੀ ਪੈਨਸ਼ਨ ਸਬੰਧੀ ਗੱਲ ਕਰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਸਿਰਫ਼ 29 ਕਰੋੜ ਰੁਪਏ ਦੀ ਰਿਕਵਰੀ ਸੀ, ਜਦਕਿ ਹੁਣ 170 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ, ਜੋ ਸਰਕਾਰ ਦੀ ਵੱਡੀ ਉਪਲਬਧੀ ਹੈ।
