– ਐਨਜੀਓਜ਼ ਅਤੇ ਡਾਗ ਲਵਰਜ਼ ਨਾਲ ਜੁੜੀਆਂ ਸੰਸਥਾਵਾਂ ਦਾ ਵੀ ਲਿਆ ਜਾਵੇਗਾ ਸਹਿਯੋਗ
ਪਟਿਆਲਾ, 31 ਦਸੰਬਰ 2025 (ਸ਼.ਅ.ਬਿਓਰੋ) ਨਵੇਂ ਸਾਲ ਦੇ ਮੌਕੇ ਪਟਿਆਲਾ ਵਾਸੀਆਂ ਨੂੰ ਵੱਡੀ ਰਾਹਤ ਦੇਣ ਦੀ ਦਿਸ਼ਾ ਵਿੱਚ ਨਗਰ ਨਿਗਮ ਪਟਿਆਲਾ ਵੱਲੋਂ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ। ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕੱਢਣ ਲਈ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਨਗਰ ਨਿਗਮ ਅਧਿਕਾਰੀਆਂ ਅਤੇ ਸਟਾਫ਼ ਦੇ ਨਾਲ ਮਿਲ ਕੇ ਘਲੋੜੀ ਗੇਟ ਮੜੀਆਂ ਨੇੜੇ ਡੌਗ ਸ਼ੈਲਟਰ ਬਣਾਉਣ ਲਈ ਨਿਰਧਾਰਤ ਕੀਤੀ ਜਾ ਰਹੀ ਜ਼ਮੀਨ ਦਾ ਮੌਕੇ ’ਤੇ ਪਹੁੰਚ ਕੇ ਵਿਸਥਾਰ ਨਾਲ ਮੁਆਇਨਾ ਕੀਤਾ। ਮੁਆਇਨੇ ਦੌਰਾਨ ਮੇਅਰ ਨਾਲ, ਐਸ ਸੀ ਰਾਜਿੰਦਰ ਚੋਪੜਾ, ਸੈਨਟਰੀ ਇੰਸਪੈਕਟਰ ਰਿਸ਼ਵ ਗੁਪਤਾ, ਡ੍ਰਾਫ਼੍ਟਮੈਨ ਮੋਹਿਤ ਜੈਨ ਅਤੇ ਨਗਰ ਨਿਗਮ ਦਾ ਹੋਰ ਸਟਾਫ਼ ਵੀ ਮੌਜੂਦ ਰਿਹਾ।
ਮੇਅਰ ਨੇ ਦੱਸਿਆ ਕਿ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਕਾਰਨ ਲੋਕਾਂ, ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਦਿਨੋਂ-ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਵੱਲੋਂ ਘਲੋੜੀ ਗੇਟ ਮੜੀਆਂ ਨੇੜੇ ਸਰਕਾਰੀ ਕਾਰਪੋਰੇਸ਼ਨ ਦੀ ਜ਼ਮੀਨ ’ਤੇ ਇੱਕ ਵਿਸ਼ਾਲ ਅਤੇ ਆਧੁਨਿਕ ਡੌਗ ਸ਼ੈਲਟਰ ਬਣਾਉਣ ਦੀ ਯੋਜਨਾ ’ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।
ਮੌਕੇ ’ਤੇ ਮੁਆਇਨੇ ਦੌਰਾਨ ਮੇਅਰ ਨੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਡੌਗ ਸ਼ੈਲਟਰ ਨਾਲ ਸਬੰਧਤ ਸਾਰੀਆਂ ਪ੍ਰਕਿਰਿਆਵਾਂ ਨੂੰ ਤੁਰੰਤ ਪੂਰਾ ਕਰਕੇ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਅਤੇ ਇਸ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਅੰਦਰ ਨੇਪਰੇ ਚਾੜਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸ਼ੈਲਟਰ ਸਿਰਫ਼ ਕੁੱਤਿਆਂ ਨੂੰ ਇਕੱਠਾ ਕਰਨ ਲਈ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ, ਟੀਕਾਕਰਣ, ਇਲਾਜ ਅਤੇ ਖੁਰਾਕ ਦੀ ਸੁਚੱਜੀ ਵਿਵਸਥਾ ਲਈ ਵੀ ਇੱਕ ਮਾਡਲ ਕੇਂਦਰ ਹੋਵੇਗਾ।
ਮੇਅਰ ਨੇ ਕਿਹਾ ਕਿ ਇਸ ਪ੍ਰੋਜੈਕਟ ਵਿਚ ਡੌਗ ਲਵਰਜ਼ ਅਤੇ ਪਸ਼ੂ-ਪ੍ਰੇਮੀਆਂ ਦੀ ਭਾਵਨਾ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ ਅਤੇ ਸ਼ੈਲਟਰ ਦੇ ਸੰਚਾਲਨ ਦੌਰਾਨ ਐਨਜੀਓਜ਼ ਅਤੇ ਪਸ਼ੂ-ਕਲਿਆਣ ਨਾਲ ਜੁੜੀਆਂ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ਼ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਹੈ, ਸਗੋਂ ਅਵਾਰਾ ਕੁੱਤਿਆਂ ਨੂੰ ਇੱਕ ਬਿਹਤਰ ਅਤੇ ਸੁਰੱਖਿਅਤ ਜੀਵਨ ਦੇਣ ਵੱਲ ਵੀ ਇੱਕ ਮਹੱਤਵਪੂਰਨ ਕਦਮ ਹੈ।
ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਇਸ ਡੌਗ ਸ਼ੈਲਟਰ ’ਤੇ ਲਗਭਗ 50 ਲੱਖ ਤੋਂ 1 ਕਰੋੜ ਰੁਪਏ ਤੱਕ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਸ਼ੈਲਟਰ ਬਣਨ ਨਾਲ ਸ਼ਹਿਰ ਦੀਆਂ ਸੜਕਾਂ ’ਤੇ ਅਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਵੇਗੀ ਅਤੇ ਲੋਕਾਂ ਨੂੰ ਡਰ ਤੋਂ ਮੁਕਤੀ ਮਿਲੇਗੀ।
ਫੋਟੋ: ਘਲੋੜੀ ਗੇਟ ਮੜੀਆਂ ਨੇੜੇ ਡੌਗ ਸ਼ੈਲਟਰ ਲਈ ਨਿਰਧਾਰਤ ਜਗ੍ਹਾ ਦਾ ਮੁਆਇਨਾ ਕਰਦੇ ਹੋਏ ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਅਧਿਕਾਰੀ।







