ਆਈਏਐਸ ਅਧਿਕਾਰੀ ਰਾਹੁਲ ਨਰਵਾਲ ਨਿਯੁਕਤ, ਪ੍ਰਸ਼ਾਸਕੀ ਢਾਂਚਾ ਹੋ ਰਿਹਾ ਮਜ਼ਬੂਤ
ਹਰਿਆਣਾ: 31 ਦਸੰਬਰ 2025 (ਸ਼.ਅ.ਬਿਓਰੋ) : ਹਰਿਆਣਾ ਦੇ ਨਵੇਂ ਬਣੇ 23ਵੇਂ ਜ਼ਿਲ੍ਹੇ ਹਾਂਸੀ ਵਿੱਚ ਪ੍ਰਸ਼ਾਸਕੀ ਢਾਂਚਾ ਤੇਜ਼ੀ ਨਾਲ ਆਕਾਰ ਲੈ ਰਿਹਾ ਹੈ। ਰਾਜ ਸਰਕਾਰ ਵੱਲੋਂ 2016 ਬੈਚ ਦੇ ਆਈਏਐਸ ਅਧਿਕਾਰੀ ਰਾਹੁਲ ਨਰਵਾਲ ਨੂੰ ਹਾਂਸੀ ਦਾ ਪਹਿਲਾ ਡਿਪਟੀ ਕਮਿਸ਼ਨਰ (ਡੀਸੀ) ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਨਵੇਂ ਜ਼ਿਲ੍ਹੇ ਵਿੱਚ ਪ੍ਰਸ਼ਾਸਕੀ ਕਾਰਵਾਈਆਂ ਨੂੰ ਸੁਚਾਰੂ ਢੰਗ ਨਾਲ ਸ਼ੁਰੂ ਕਰਨ ਦੀਆਂ ਤਿਆਰੀਆਂ ਨੂੰ ਹੋਰ ਤੇਜ਼ੀ ਮਿਲੇਗੀ।
ਰਾਹੁਲ ਨਰਵਾਲ ਇਸ ਤੋਂ ਪਹਿਲਾਂ ਪੇਂਡੂ ਵਿਕਾਸ ਵਿਭਾਗ ਦੇ ਡਾਇਰੈਕਟਰ, ਆਈਟੀ ਅਤੇ ਇਲੈਕਟ੍ਰਾਨਿਕਸ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਅਤੇ ਕਨਫੈਡ ਦੇ ਪ੍ਰਬੰਧ ਨਿਰਦੇਸ਼ਕ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੇ ਪ੍ਰਸ਼ਾਸਕੀ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਉਨ੍ਹਾਂ ਨੂੰ ਇਹ ਮਹੱਤਵਪੂਰਨ ਜਿੰਮੇਵਾਰੀ ਸੌਂਪੀ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 16 ਦਸੰਬਰ ਨੂੰ ਹਾਂਸੀ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ 22 ਦਸੰਬਰ ਨੂੰ ਸਰਕਾਰ ਵੱਲੋਂ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਜਿਸ ਵਿੱਚ ਹਿਸਾਰ ਜ਼ਿਲ੍ਹੇ ਦੀਆਂ ਸੀਮਾਵਾਂ ਵਿੱਚ ਸੋਧ ਕਰਦੇ ਹੋਏ ਹਾਂਸੀ ਅਤੇ ਨਾਰਨੌਂਦ ਉਪ-ਵਿਭਾਗਾਂ ਨੂੰ ਮਿਲਾ ਕੇ ਨਵੇਂ ਹਾਂਸੀ ਜ਼ਿਲ੍ਹੇ ਦੀ ਸਥਾਪਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ।
ਨਵੇਂ ਜ਼ਿਲ੍ਹੇ ਦੀ ਸਥਾਪਨਾ ਨਾਲ ਖੇਤਰ ਦੇ ਲੋਕਾਂ ਨੂੰ ਪ੍ਰਸ਼ਾਸਕੀ ਸੁਵਿਧਾਵਾਂ ਨਜ਼ਦੀਕ ਮਿਲਣਗੀਆਂ ਅਤੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।







