ਲੁੱਟ ਦੇ ਇਰਾਦੇ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ
ਮੋਹਾਲੀ, 31 ਦਸੰਬਰ 2025: (ਚੌਧਰੀ ਪ੍ਰਭਜੀਤ ਸਿੰਘ): ਪੰਜਾਬ ਵਿੱਚ ਕਤਲ ਅਤੇ ਲੁੱਟਖੋਹ ਦੀਆਂ ਵਧ ਰਹੀਆਂ ਘਟਨਾਵਾਂ ਦਰਮਿਆਨ ਮੋਹਾਲੀ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਫੇਜ਼-5 ਸਥਿਤ ਘਰ ਵਿੱਚ Ex ਐਡੀਸ਼ਨਲ ਐਡਵੋਕੇਟ ਜਨਰਲ ਅਸ਼ੋਕ ਗੋਇਲ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਮ੍ਰਿਤਕਾ ਫੇਜ਼-5 ਮੋਹਾਲੀ ਵਿੱਚ ਰਹਿ ਰਹੀ ਸੀ। ਪ੍ਰਾਰੰਭਿਕ ਜਾਣਕਾਰੀ ਮੁਤਾਬਕ, ਘਟਨਾ ਵੇਲੇ ਘਰ ਵਿੱਚ ਮੌਜੂਦ ਨੌਕਰ ਨੂੰ ਕੁਰਸੀ ਨਾਲ ਬੰਨ੍ਹਿਆ ਗਿਆ ਸੀ। ਪੁਲਿਸ ਅਨੁਸਾਰ, ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ ਅਤੇ ਇਹ ਵਾਰਦਾਤ ਲੁੱਟ ਦੇ ਇਰਾਦੇ ਨਾਲ ਅੰਜਾਮ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਘਰ ਵਿੱਚ ਦਾਖਲ ਹੋਏ, ਨੌਕਰ ਨੂੰ ਬੰਨ੍ਹ ਕੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਅਤੇ ਫਿਰ ਘਟਨਾ ਸਥਾਨ ਤੋਂ ਫਰਾਰ ਹੋ ਗਏ। ਇਸ ਸਮੇਂ Ex ਐਡੀਸ਼ਨਲ ਐਡਵੋਕੇਟ ਜਨਰਲ ਅਸ਼ੋਕ ਗੋਇਲ ਆਪਣੀ ਧੀ ਨੂੰ ਮਿਲਣ ਲਈ ਮਸਕਟ ਵਿੱਚ ਮੌਜੂਦ ਹਨ।
ਪੁਲਿਸ ਨੇ ਨੌਕਰ ਦੀ ਭੂਮਿਕਾ ਨੂੰ ਸ਼ੱਕੀ ਮੰਨਦੇ ਹੋਏ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਨੌਕਰ ਦਾ ਨਾਮ ਨੀਰਜ ਦੱਸਿਆ ਜਾ ਰਿਹਾ ਹੈ, ਜੋ ਕਰੀਬ 25 ਸਾਲ ਦਾ ਹੈ ਅਤੇ ਪਿਛਲੇ ਨੌਂ ਸਾਲਾਂ ਤੋਂ ਗੋਇਲ ਪਰਿਵਾਰ ਲਈ ਕੰਮ ਕਰ ਰਿਹਾ ਸੀ।
ਪੁਲਿਸ ਇਸ ਪਹਲੂ ਦੀ ਵੀ ਜਾਂਚ ਕਰ ਰਹੀ ਹੈ ਕਿ ਲੁਟੇਰਿਆਂ ਨੇ ਔਰਤ ਨੂੰ ਮਾਰ ਕੇ ਨੌਕਰ ਨੂੰ ਕਿਉਂ ਛੱਡ ਦਿੱਤਾ, ਜਦਕਿ ਉਹ ਉਨ੍ਹਾਂ ਲਈ ਖ਼ਤਰਾ ਬਣ ਸਕਦਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।







