ਨਵੇਂ ਸਾਲ ਦੀ ਸ਼ੁਰੂਆਤ ਹੋਣ ਵਾਲੀ ਹੈ – ਚੰਡੀਗੜ੍ਹ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਠੰਡ ਦਾ ਪ੍ਰਭਾਵ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਅੱਜ ਤੋਂ ਅਗਲੇ 96 ਘੰਟਿਆਂ ਤੱਕ ਹਿਮਾਚਲ ਦੇ ਉੱਚੇ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਜਾਰੀ ਰਹੇਗੀ। ਇਸ ਦਾ ਅਸਰ ਸਿਰਫ਼ ਪਹਾੜੀ ਇਲਾਕਿਆਂ ਤੱਕ ਹੀ ਸੀਮਿਤ ਨਹੀਂ ਰਹੇਗਾ, ਸਗੋਂ ਪੰਜਾਬ, ਚੰਡੀਗੜ੍ਹ ਦੇ ਨਾਲ–ਨਾਲ ਹਰਿਆਣਾ, ਦਿੱਲੀ ਅਤੇ ਰਾਜਸਥਾਨ ਤੱਕ ਠੰਡੀ ਹਵਾਵਾਂ ਪਹੁੰਚਣਗੀਆਂ।
ਰਾਤ ਦੇ ਤਾਪਮਾਨ ਵਿੱਚ ਤੇਜ਼ ਗਿਰਾਵਟ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ ਉੱਚੇ ਪਹਾੜਾਂ ‘ਤੇ ਬਰਫ਼ਬਾਰੀ ਤੋਂ ਬਾਅਦ ਉੱਥੋਂ ਚੱਲਣ ਵਾਲੀ ਕੋਲਡ ਵੇਵ ਦਾ ਅਸਰ ਪੂਰੇ ਉੱਤਰ ਭਾਰਤ ਵਿੱਚ ਵੇਖਣ ਨੂੰ ਮਿਲੇਗਾ। ਹਿਮਾਚਲ ਦੇ ਕਈ ਸ਼ਹਿਰਾਂ ਵਿੱਚ ਅਗਲੇ ਪੰਜ ਦਿਨਾਂ ਦੌਰਾਨ ਰਾਤ ਦੇ ਤਾਪਮਾਨ ਵਿੱਚ 4 ਤੋਂ 7 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਨਿਊਨਤਮ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ।
ਲਾਹੌਲ–ਸਪੀਤੀ ਦੇ ਵੱਧ ਉੱਚਾਈ ਵਾਲੇ ਇਲਾਕਿਆਂ ਵਿੱਚ ਠੰਡ ਹੋਰ ਵੀ ਤਿੱਖੀ ਰਹਿਣ ਦੀ ਸੰਭਾਵਨਾ ਹੈ, ਜਿੱਥੇ ਨਿਊਨਤਮ ਤਾਪਮਾਨ ਮਾਈਨਸ 10 ਤੋਂ ਮਾਈਨਸ 12 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਹਾਲਾਂਕਿ ਫਿਲਹਾਲ ਸ਼ਿਮਲਾ, ਮਨਾਲੀ, ਚੰਡੀਗੜ੍ਹ ਅਤੇ ਜਲੰਧਰ ਸਮੇਤ ਕਈ ਸ਼ਹਿਰਾਂ ਵਿੱਚ ਨਿਊਨਤਮ ਤਾਪਮਾਨ ਆਮ ਤੋਂ ਉੱਪਰ ਹੈ, ਪਰ ਬਰਫ਼ਬਾਰੀ ਤੋਂ ਬਾਅਦ ਇਹ ਆਮ ਨਾਲੋਂ ਕਾਫ਼ੀ ਹੇਠਾਂ ਜਾਣ ਦੀ ਸੰਭਾਵਨਾ ਹੈ। ਇਸ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਸਰਦੀ ਨਾਲ ਹੋ ਸਕਦੀ ਹੈ।
ਕੋਲਡ ਵੇਵ ਨਾਲ ਪੂਰੇ ਉੱਤਰ ਭਾਰਤ ‘ਚ ਵਧੇਗੀ ਠੰਡ
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਵਿਗਿਆਨੀ ਸ਼ੋਭਿਤ ਕਟਿਆਰ ਮੁਤਾਬਕ ਅੱਜ ਤੋਂ 2 ਜਨਵਰੀ ਤੱਕ ਪਹਾੜੀ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋਵੇਗੀ, ਜਿਸ ਤੋਂ ਬਾਅਦ ਤਾਪਮਾਨ ਵਿੱਚ ਤੇਜ਼ ਗਿਰਾਵਟ ਸ਼ੁਰੂ ਹੋ ਜਾਵੇਗੀ। ਹਾਲਾਂਕਿ 3 ਜਨਵਰੀ ਤੋਂ ਮੌਸਮ ਸਾਫ਼ ਹੋਣ ਉਪਰਾਂਤ ਤਾਪਮਾਨ ਵਿੱਚ ਹੌਲੀ–ਹੌਲੀ ਵਾਧਾ ਹੋ ਸਕਦਾ ਹੈ।
ਧੁੰਦ ਨੇ ਵਧਾਈਆਂ ਮੁਸ਼ਕਲਾਂ
ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਦੇ ਨੀਵੇਂ ਇਲਾਕਿਆਂ ਵਿੱਚ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਧੁੰਦ ਛਾਈ ਹੋਈ ਹੈ, ਜਿਸ ਕਾਰਨ ਸਵੇਰ ਅਤੇ ਰਾਤ ਦੇ ਸਮੇਂ ਠੰਡ ਹੋਰ ਵੱਧ ਮਹਿਸੂਸ ਕੀਤੀ ਜਾ ਰਹੀ ਹੈ। ਧੁੰਦ ਦਾ ਸਿੱਧਾ ਅਸਰ ਸੜਕ, ਰੇਲ ਅਤੇ ਹਵਾਈ ਆਵਾਜਾਈ ‘ਤੇ ਪੈ ਰਿਹਾ ਹੈ।
ਚੰਡੀਗੜ੍ਹ ਏਅਰਪੋਰਟ ‘ਤੇ ਪਿਛਲੇ ਸੱਤ ਦਿਨਾਂ ਤੋਂ ਰੋਜ਼ਾਨਾ 5 ਤੋਂ 7 ਉਡਾਣਾਂ ਰੱਦ ਹੋ ਰਹੀਆਂ ਹਨ, ਜਦਕਿ ਕਈ ਫਲਾਈਟਾਂ ਦੇਰੀ ਨਾਲ ਚਲ ਰਹੀਆਂ ਹਨ। ਟ੍ਰੇਨਾਂ ਦੀ ਰਫ਼ਤਾਰ ਵੀ ਘੱਟ ਹੋ ਗਈ ਹੈ। ਪੰਜਾਬ ਦੇ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਕਈ ਵਾਰ ਵਿਜ਼ੀਬਿਲਟੀ ਸਿਫ਼ਰ ਤੱਕ ਪਹੁੰਚ ਗਈ ਹੈ, ਜਿਸ ਨਾਲ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।







