ਪਟਿਆਲਾ, 30 ਦਸੰਬਰ: (ਸ਼.ਅ.ਬਿਓਰੋ): ਨਵੇਂ ਸਾਲ ਦੇ ਮੌਕੇ ਪਟਿਆਲਾ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਨਗਰ ਨਿਗਮ ਪਟਿਆਲਾ ਵੱਲੋਂ ਅਹੰਕਾਰਪੂਰਨ ਫੈਸਲੇ ਲਏ ਗਏ ਹਨ। ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਦੇ ਸਥਾਈ ਹੱਲ ਵੱਲ ਵੱਡਾ ਕਦਮ ਚੁੱਕਦਿਆਂ ਨਗਰ ਨਿਗਮ ਘਲੋੜੀ ਗੇਟ ਮੜੀਆਂ ਨੇੜੇ ਸਰਕਾਰੀ ਕਾਰਪੋਰੇਸ਼ਨ ਦੀ ਜ਼ਮੀਨ ‘ਤੇ ਇੱਕ ਵਿਸ਼ਾਲ ਡੌਗ ਸ਼ੈਲਟਰ ਹਾਊਸ ਬਣਾਉਣ ਜਾ ਰਿਹਾ ਹੈ। ਇਸ ਸਬੰਧੀ ਨਗਰ ਨਿਗਮ ਦੇ ਮੇਅਰ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੇਅਰ ਨੇ ਦੱਸਿਆ ਕਿ ਇਸ ਡੌਗ ਸ਼ੈਲਟਰ ਹਾਊਸ ਵਿੱਚ ਅਵਾਰਾ ਕੁੱਤਿਆਂ ਨੂੰ ਸੁਰੱਖਿਅਤ ਥਾਂ ’ਤੇ ਰੱਖਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ, ਟੀਕਾਕਰਣ ਅਤੇ ਖੁਰਾਕ ਦੀ ਪੂਰੀ ਜ਼ਿੰਮੇਵਾਰੀ ਨਗਰ ਨਿਗਮ ਵੱਲੋਂ ਨਿਭਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ’ਤੇ ਲਗਭਗ 50 ਲੱਖ ਤੋਂ 1 ਕਰੋੜ ਰੁਪਏ ਤੱਕ ਦਾ ਖਰਚ ਆਉਣ ਦੀ ਸੰਭਾਵਨਾ ਹੈ ਅਤੇ ਕੰਮ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ।
ਡੌਗ ਸ਼ੈਲਟਰ ਬਣਨ ਨਾਲ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਸੰਖਿਆ ਨਿਯੰਤਰਿਤ ਹੋਵੇਗੀ, ਸੜਕਾਂ ’ਤੇ ਦੌੜਦੇ ਕੁੱਤਿਆਂ ਕਾਰਨ ਬਣਦਾ ਡਰ ਘਟੇਗਾ ਅਤੇ ਬੱਚਿਆਂ, ਬਜ਼ੁਰਗਾਂ ਤੇ ਮਹਿਲਾਵਾਂ ਲਈ ਸੁਰੱਖਿਅਤ ਮਾਹੌਲ ਤਿਆਰ ਹੋਵੇਗਾ।
ਮੇਅਰ ਨੇ ਇਹ ਵੀ ਦੱਸਿਆ ਕਿ ਨਵੇਂ ਸਾਲ ਦੇ ਮੌਕੇ ਸ਼ਹਿਰ ਦੀਆਂ ਚੱਲ ਰਹੀਆਂ ਸੜਕਾਂ ਦੇ ਕੰਮ ਜਲਦੀ ਮੁਕੰਮਲ ਕਰਨ ਅਤੇ ਜਿਹੜੀਆਂ ਸੜਕਾਂ ’ਤੇ ਪੈਚ ਵਰਕ ਹੋਣਾ ਹੈ, ਉਹ ਕੰਮ ਵੀ ਤੀਬਰ ਗਤੀ ਨਾਲ ਪੂਰੇ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਕਿਹਾ, “ਨਵੇਂ ਸਾਲ ’ਤੇ ਸ਼ਹਿਰਵਾਸੀਆਂ ਨੂੰ ਸੁਰੱਖਿਆ ਅਤੇ ਸੁਵਿਧਾ ਦਾ ਤੋਹਫ਼ਾ ਦੇਣਾ ਸਾਡਾ ਮੁੱਖ ਉਦੇਸ਼ ਹੈ। ਅਵਾਰਾ ਕੁੱਤਿਆਂ ਦੀ ਸਮੱਸਿਆ ਲੰਬੇ ਸਮੇਂ ਤੋਂ ਸੀ, ਪਰ ਹੁਣ ਇਸਦਾ ਪੱਕਾ ਹੱਲ ਕੱਢ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ। ਡੌਗ ਸ਼ੈਲਟਰ ਅਤੇ ਨਵੀਆਂ ਸੜਕਾਂ ਦੇ ਪ੍ਰੋਜੈਕਟ ਪਟਿਆਲਾ ਨੂੰ ਹੋਰ ਸੁੰਦਰ ਅਤੇ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੇ।”
ਇਸ ਮੌਕੇ ਐਮਸੀ ਜਸਬੀਰ ਗਾਂਧੀ, ਐਮਸੀ ਗੁਰਕਿਰਪਾਲ, ਭੁਪਿੰਦਰ ਸਿੰਘ, ਹਰਜੀਤ ਸਿੰਘ, ਬਲਾਕ ਇੰਚਾਰਜ ਚਰਨਜੀਤ ਸਿੰਘ ਐਸ ਕੇ ਅਤੇ ਬਲਾਕ ਇੰਚਾਰਜ ਦੀਪਕ ਮਿੱਤਲ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਨਗਰ ਨਿਗਮ ਵੱਲੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵੱਲ ਇਕ ਵੱਡਾ ਅਤੇ ਸਰਾਹਣਯੋਗ ਕਦਮ ਹੈ।







