Homeਪਟਿਆਲਾ ਅਪਡੇਟਮੇਅਰ ਵੱਲੋਂ ਸ਼ਹਿਰ ਦੇ ਪੋਸ਼ ਏਰੀਆ ਬਾਰਾਦਰੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ...

ਮੇਅਰ ਵੱਲੋਂ ਸ਼ਹਿਰ ਦੇ ਪੋਸ਼ ਏਰੀਆ ਬਾਰਾਦਰੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ

— ਨਿਗਮ ਦੇ ਕੰਮਾਂ ਵਿੱਚ ਦੇਰੀ ਅਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਮੇਅਰ

ਪਟਿਆਲਾ, 29 ਦਸੰਬਰ (ਛਤਰਪਾਲ ਸਿੰਘ) : ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਨੂੰ ਸੁੰਦਰ, ਸੁਚੱਜਾ ਅਤੇ ਵਿਕਸਿਤ ਬਣਾਉਣ ਦੇ ਟੀਚੇ ਹੇਠ ਚਲ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਪ੍ਰਗਤੀ ਦੀ ਜਾਂਚ ਲਈ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਸ਼ਹਿਰ ਦੇ ਪੋਸ਼ ਇਲਾਕੇ ਬਾਰਾਦਰੀ ਵਿਖੇ ਚੱਲ ਰਹੇ ਵੱਖ-ਵੱਖ ਕੰਮਾਂ ਦਾ ਮੌਕੇ ’ਤੇ ਪਹੁੰਚ ਕੇ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਸਬੰਧਤ ਠੇਕੇਦਾਰ ਅਤੇ ਜੇ.ਈ. ਰੋਹਿਤ ਅਤੇ ਨਿਗਮ ਦੇ ਹੋਰ ਅਧਿਕਾਰੀਆਂ ਤੋਂ ਇਲਾਵਾ ਲੱਕੀ ਰਹਿਲ ਪੀ ਏ, ਸੈਕਟਰੀ ਰਜਿੰਦਰ ਮੋਹਨ ਅਤੇ ਇਲਾਕਾ ਵਾਸੀ ਵੀ ਮੌਜੂਦ ਰਹੇ.

ਮੇਅਰ ਨੇ ਇਲਾਕੇ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ, ਵਰਤੀ ਜਾ ਰਹੀ ਸਮੱਗਰੀ ਦੀ ਗੁਣਵੱਤਾ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਗਰ ਨਿਗਮ ਵੱਲੋਂ ਕਰਵਾਏ ਜਾ ਰਹੇ ਕਿਸੇ ਵੀ ਕੰਮ ਵਿੱਚ ਦੇਰੀ ਜਾਂ ਲਾਪਰਵਾਹੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਟੈਕਸ ਦੇ ਪੈਸੇ ਨਾਲ ਹੋ ਰਹੇ ਵਿਕਾਸ ਕਾਰਜ ਪੂਰੀ ਪਾਰਦਰਸ਼ਤਾ ਅਤੇ ਮਿਆਰੀ ਢੰਗ ਨਾਲ ਮੁਕੰਮਲ ਹੋਣੇ ਚਾਹੀਦੇ ਹਨ।

ਮੇਅਰ ਕੁੰਦਨ ਗੋਗੀਆ ਨੇ ਠੇਕੇਦਾਰ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਕਿਹਾ ਕਿ ਕੰਮ ਨਿਰਧਾਰਤ ਸਮੇਂ ਅੰਦਰ ਪੂਰੇ ਕੀਤੇ ਜਾਣ ਅਤੇ ਹਰ ਪੱਧਰ ’ਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਕਿਸੇ ਵੀ ਕੰਮ ਵਿੱਚ ਘਾਟ ਜਾਂ ਮਿਆਰ ਤੋਂ ਘੱਟ ਸਮੱਗਰੀ ਦੀ ਵਰਤੋਂ ਪਾਈ ਗਈ ਤਾਂ ਸੰਬੰਧਤ ਠੇਕੇਦਾਰ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਮੇਅਰ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਦੇ ਹਰ ਇਲਾਕੇ ਵਿੱਚ ਵਿਕਾਸ ਕਾਰਜਾਂ ਦੀ ਖੁਦ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਸੜਕਾਂ, ਫੁੱਟਪਾਥ, ਸਟ੍ਰੀਟ ਲਾਈਟਾਂ, ਸੀਵਰੇਜ ਅਤੇ ਸਫਾਈ ਵਰਗੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ।

ਨਿਰੀਖਣ ਦੌਰਾਨ ਇਲਾਕਾ ਵਾਸੀਆਂ ਨੇ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਰਾਦਰੀ ਇਲਾਕੇ ਵਿੱਚ ਚੱਲ ਰਹੇ ਕੰਮਾਂ ਦੀ ਸਿੱਧੀ ਨਿਗਰਾਨੀ ਨਾਲ ਉਨ੍ਹਾਂ ਨੂੰ ਮਿਆਰੀ ਵਿਕਾਸ ਦੀ ਉਮੀਦ ਬਣੀ ਹੈ। ਮੇਅਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਨਗਰ ਨਿਗਮ ਸ਼ਹਿਰ ਦੇ ਹਰ ਕੋਨੇ ਵਿੱਚ ਵਿਕਾਸ ਨੂੰ ਲਗਾਤਾਰ ਜਾਰੀ ਰੱਖੇਗਾ ਅਤੇ ਪਟਿਆਲਾ ਨੂੰ ਇੱਕ ਸਾਫ਼, ਸੁੰਦਰ ਅਤੇ ਆਧੁਨਿਕ ਸ਼ਹਿਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments