ਬੰਗਲਾਦੇਸ਼: 30 ਦਸੰਬਰ 2025 (ਸ਼.ਅ.ਬਿਓਰੋ): ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੀ ਮੁਖੀ ਖਾਲਿਦਾ ਜ਼ਿਆ ਦਾ ਅੱਜ ਸਵੇਰੇ ਕਰੀਬ 6 ਵਜੇ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ 20 ਦਿਨਾਂ ਤੋਂ ਵੈਂਟੀਲੇਟਰ ‘ਤੇ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰ ਰਹੀਆਂ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਾਰਟੀ ਨੇਤਾਵਾਂ ਵੱਲੋਂ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਖਾਲਿਦਾ ਜ਼ਿਆ ਲੰਬੇ ਸਮੇਂ ਤੋਂ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਹੀਆਂ ਸਨ। ਉਨ੍ਹਾਂ ਨੂੰ ਛਾਤੀ ਦੀ ਇਨਫੈਕਸ਼ਨ, ਜਿਗਰ ਅਤੇ ਗੁਰਦਿਆਂ ਨਾਲ ਸੰਬੰਧਤ ਸਮੱਸਿਆਵਾਂ ਦੇ ਨਾਲ–ਨਾਲ ਸ਼ੂਗਰ, ਗਠੀਆ ਅਤੇ ਅੱਖਾਂ ਦੀਆਂ ਬਿਮਾਰੀਆਂ ਵੀ ਸਨ। ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ ਸਹਾਇਤਾ ‘ਤੇ ਰੱਖਿਆ ਗਿਆ।
ਖਾਲਿਦਾ ਜ਼ਿਆ ਨੇ 1991 ਤੋਂ 1996 ਅਤੇ ਫਿਰ 2001 ਤੋਂ 2006 ਤੱਕ ਦੋ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਉਹ ਬੰਗਲਾਦੇਸ਼ ਦੀ ਸਿਆਸਤ ਦੀ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਰਹੀਆਂ। ਉਹ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੀ ਪਤਨੀ ਸਨ ਅਤੇ ਲੰਬੇ ਸਮੇਂ ਤੱਕ BNP ਦੀ ਅਗਵਾਈ ਕਰਦੀਆਂ ਰਹੀਆਂ।
ਉਨ੍ਹਾਂ ਦੇ ਵੱਡੇ ਪੁੱਤਰ ਅਤੇ BNP ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ 2008 ਤੋਂ ਲੰਡਨ ਵਿੱਚ ਵਸ ਰਹੇ ਸਨ, ਜੋ 25 ਦਸੰਬਰ ਨੂੰ ਬੰਗਲਾਦੇਸ਼ ਵਾਪਸ ਆ ਗਏ ਸਨ। ਖਾਲਿਦਾ ਜ਼ਿਆ ਦੇ ਛੋਟੇ ਪੁੱਤਰ ਅਰਾਫਾਤ ਰਹਿਮਾਨ ਦੀ ਸਾਲ 2015 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ।
ਖਾਲਿਦਾ ਜ਼ਿਆ ਦੇ ਦੇਹਾਂਤ ਨਾਲ ਬੰਗਲਾਦੇਸ਼ ਦੀ ਸਿਆਸਤ ਵਿੱਚ ਇੱਕ ਯੁੱਗ ਦਾ ਅੰਤ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ ਅਤੇ ਰਾਜਨੀਤਿਕ, ਸਮਾਜਿਕ ਤੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ੋਕ ਸੰਦੇਸ਼ ਦਿੱਤੇ ਜਾ ਰਹੇ ਹਨ।
