Home ਪੰਜਾਬ ਹਿੰਮਤ ਦੀ ਮਿਸਾਲ ਬਣੀ ਨਵਨੀਤ ਕੌਰ, ‘ਸੁਪਰਾ ਮਿਸਿਜ਼ ਨੈਸ਼ਨਲ 2025’ ਵਿੱਚ ਭਾਰਤ...

ਹਿੰਮਤ ਦੀ ਮਿਸਾਲ ਬਣੀ ਨਵਨੀਤ ਕੌਰ, ‘ਸੁਪਰਾ ਮਿਸਿਜ਼ ਨੈਸ਼ਨਲ 2025’ ਵਿੱਚ ਭਾਰਤ ਲਈ ਪਹਿਲੀ ਰਨਰ-ਅੱਪ

0

ਮੋਹਾਲੀ, 29 ਦਸੰਬਰ 2025 (ਛਤਰਪਾਲ ਸਿੰਘ): ਪੰਜਾਬ ਦੇ ਮੋਹਾਲੀ ਦੀ ਰਹਿਣ ਵਾਲੀ ਡਰੱਗ ਕੰਟਰੋਲ ਅਫਸਰ ਨਵਨੀਤ ਕੌਰ ਨੇ ਆਪਣੀ ਅਟੱਲ ਹਿੰਮਤ, ਦ੍ਰਿੜ ਨਿਸ਼ਚੇ ਅਤੇ ਜ਼ਜ਼ਬੇ ਨਾਲ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਰੀੜ੍ਹ ਦੀ ਹੱਡੀ ਦੀ ਗੰਭੀਰ ਸੱਟ ਕਾਰਨ ਛੇ ਮਹੀਨੇ ਤੱਕ ਬਿਸਤਰੇ ‘ਤੇ ਰਹਿਣ ਅਤੇ ਡਾਕਟਰਾਂ ਵੱਲੋਂ ਨਕਾਰਾਤਮਕ ਅੰਦੇਸ਼ੇ ਜਤਾਏ ਜਾਣ ਦੇ ਬਾਵਜੂਦ, ਨਵਨੀਤ ਕੌਰ ਨੇ ਨਾ ਸਿਰਫ਼ ਜ਼ਿੰਦਗੀ ਵਿੱਚ ਵਾਪਸੀ ਕੀਤੀ, ਸਗੋਂ ਅੰਤਰਰਾਸ਼ਟਰੀ ਮੰਚ ‘ਤੇ ‘ਸੁਪਰਾ ਮਿਸਿਜ਼ ਨੈਸ਼ਨਲ 2025’ ਮੁਕਾਬਲੇ ਵਿੱਚ ਪਹਿਲੀ ਰਨਰ-ਅੱਪ ਦਾ ਖਿਤਾਬ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ।

ਸਾਲ 2024 ਵਿੱਚ ਇੱਕ ਹਾਦਸੇ ਦੌਰਾਨ ਪੌੜੀਆਂ ਤੋਂ ਡਿੱਗਣ ਕਾਰਨ ਨਵਨੀਤ ਕੌਰ ਦੀ ਰੀੜ੍ਹ ਦੀ ਹੱਡੀ ਨੂੰ ਭਾਰੀ ਸੱਟ ਲੱਗੀ ਸੀ। ਡਾਕਟਰਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਸ਼ਾਇਦ ਮੁੜ ਕਦੇ ਤੁਰ ਨਹੀਂ ਸਕਣਗੀਆਂ। ਪਰ ਨਵਨੀਤ ਨੇ ਹਾਰ ਮੰਨਣ ਦੀ ਬਜਾਏ ਯੋਗਾ ਅਤੇ ਜਿੰਮ ਦੀ ਮਦਦ ਨਾਲ ਲਗਾਤਾਰ ਮਿਹਨਤ ਕੀਤੀ ਅਤੇ ਆਪਣੇ ਆਪ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕੀਤਾ।

‘ਸੁਪਰਾ ਮਿਸਿਜ਼ ਨੈਸ਼ਨਲ 2025’ ਮੁਕਾਬਲੇ ਵਿੱਚ ਦੁਨੀਆ ਭਰ ਦੇ 25 ਦੇਸ਼ਾਂ ਦੀਆਂ ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਰੂਸ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਨਵਨੀਤ ਕੌਰ ਨੇ ਭਾਰਤ ਲਈ ਦੂਜਾ ਸਥਾਨ (First Runner-up) ਜਿੱਤਿਆ। ਇਸ ਉਪਲਬਧੀ ਨਾਲ ਉਹ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ।

ਨਵਨੀਤ ਕੌਰ ਦਾ ਪਿਛੋਕੜ ਫੌਜੀ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਦੀ ਸ਼ਖਸੀਅਤ ਦੇ ਕਈ ਰੰਗ ਹਨ। ਮਹਿਜ਼ 6 ਸਾਲ ਦੀ ਉਮਰ ਵਿੱਚ ਉਹ ਆਲ ਇੰਡੀਆ ਰੇਡੀਓ ਦੀ ਸਭ ਤੋਂ ਛੋਟੀ ਰੇਡੀਓ ਜਾਕੀ (RJ) ਬਣੀ। ਕਾਲਜ ਦੇ ਆਖਰੀ ਸਾਲ ਦੌਰਾਨ ਉਨ੍ਹਾਂ ਨੇ ਪੰਜਾਬ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਕੇ ਸਭ ਤੋਂ ਘੱਟ ਉਮਰ ਦੇ ਡਰੱਗ ਕੰਟਰੋਲ ਅਫਸਰਾਂ ਵਿੱਚ ਆਪਣਾ ਨਾਮ ਦਰਜ ਕਰਵਾਇਆ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਚਾਰ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਗਲੈਮਰ ਦੀ ਦੁਨੀਆ ਵਿੱਚ ਵੀ ਨਵਨੀਤ ਕੌਰ ਨੇ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਨੇ ਕਲਰਜ਼ ਅਤੇ ਸੋਨੀ ਵਰਗੇ ਪ੍ਰਮੁੱਖ ਟੈਲੀਵਿਜ਼ਨ ਚੈਨਲਾਂ ‘ਤੇ ਐਕਟਿੰਗ ਵਿੱਚ ਵੀ ਕਿਸਮਤ ਅਜ਼ਮਾਈ ਹੈ।

ਨਵਨੀਤ ਕੌਰ ਇੱਕ ਸਿੰਗਲ ਮਦਰ ਹਨ ਅਤੇ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ। ਉਹ ਮੰਨਦੀਆਂ ਹਨ ਕਿ ਨਿੱਜੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਇਆ। ਇਸ ਸਫਲਤਾ ਬਾਰੇ ਉਹ ਕਹਿੰਦੀ ਹਨ, ਮੈਂ ਆਪਣੇ ਬੱਚੇ ਲਈ ਇੱਕ ਅਜਿਹੀ ਮਿਸਾਲ ਬਣਨਾ ਚਾਹੁੰਦੀ ਸੀ ਕਿ ਉਹ ਕੱਲ੍ਹ ਨੂੰ ਮਾਣ ਨਾਲ ਕਹਿ ਸਕੇ—ਮੈਂ ਆਪਣੀ ਮਾਂ ਵਰਗਾ ਬਣਨਾ ਹੈ।”

ਨਵਨੀਤ ਕੌਰ ਦੀ ਇਹ ਪ੍ਰੇਰਣਾਦਾਇਕ ਕਹਾਣੀ ਸਾਬਤ ਕਰਦੀ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ, ਤਾਂ ਕੋਈ ਵੀ ਸਰੀਰਕ ਜਾਂ ਮਾਨਸਿਕ ਰੁਕਾਵਟ ਇਨਸਾਨ ਨੂੰ ਉਸਦੀ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀ।

Exit mobile version