ਕਰਾਚੀ: 29 ਦਸੰਬਰ 2025 (ਸ਼.ਅ.ਬਿਓਰੋ) : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਸੂਬੇ ਦੇ ਕਲਾਤ ਜ਼ਿਲ੍ਹੇ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਇਹ ਕਾਰਵਾਈ ਇੱਕ ਸ਼ੱਕੀ ਅੱਤਵਾਦੀ ਟਿਕਾਣੇ ‘ਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ।
ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਵੱਲੋਂ ਜਾਰੀ ਬਿਆਨ ਮੁਤਾਬਕ, ਸੁਰੱਖਿਆ ਬਲਾਂ ਨੇ ਛਾਪੇਮਾਰੀ ਦੌਰਾਨ ਅੱਤਵਾਦੀਆਂ ਨੂੰ ਘੇਰ ਕੇ ਮਾਰਿਆ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਅਤੇ ਉਨ੍ਹਾਂ ਦੇ ਗਿਰੋਹ ਬਾਰੇ ਜਾਂਚ ਜਾਰੀ ਹੈ।
ਗੌਰਤਲਬ ਹੈ ਕਿ ਪਿਛਲੇ ਹਫ਼ਤੇ ਵੀ ISPR ਨੇ ਦਾਅਵਾ ਕੀਤਾ ਸੀ ਕਿ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਦੇ ਕਲਾਤ, ਕੋਹਲੂ ਅਤੇ ਪੰਜਗੁਰ ਖੇਤਰਾਂ ਵਿੱਚ ਤਿੰਨ ਵੱਖ-ਵੱਖ ਖੁਫੀਆ-ਅਧਾਰਿਤ ਆਪਰੇਸ਼ਨਾਂ ਦੌਰਾਨ ਘੱਟੋ-ਘੱਟ 17 ਅੱਤਵਾਦੀਆਂ ਨੂੰ ਢੇਰ ਕੀਤਾ ਸੀ।
ਇਸ ਦਰਮਿਆਨ, ਇਸਲਾਮਾਬਾਦ ਸਥਿਤ ਪਾਕਿਸਤਾਨ ਇੰਸਟੀਚਿਊਟ ਫਾਰ ਕਨਫਲਿਕਟ ਐਂਡ ਸਿਕਿਓਰਿਟੀ ਸਟੱਡੀਜ਼ (PICSS) ਦੀ ਇੱਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ, ਜਿਸ ਮੁਤਾਬਕ ਸਾਲ 2025 ਪਾਕਿਸਤਾਨ ਵਿੱਚ ਅੱਤਵਾਦੀਆਂ ਲਈ ਸਭ ਤੋਂ ਘਾਤਕ ਸਾਲ ਸਾਬਤ ਹੋਇਆ ਹੈ। ਰਿਪੋਰਟ ਅਨੁਸਾਰ, 2025 ਦੌਰਾਨ ਕੁੱਲ 2,115 ਅੱਤਵਾਦੀ ਮਾਰੇ ਗਏ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਸਾਲ ਅੱਤਵਾਦੀ ਹਿੰਸਾ ਕਾਰਨ 664 ਸੁਰੱਖਿਆ ਕਰਮਚਾਰੀ ਆਪਣੀ ਜਾਨ ਗੁਆ ਬੈਠੇ, ਜਦਕਿ 580 ਨਾਗਰਿਕ ਵੀ ਅੱਤਵਾਦੀ ਹਮਲਿਆਂ ਦਾ ਸ਼ਿਕਾਰ ਹੋਏ। ਇਹ ਅੰਕੜੇ ਪਾਕਿਸਤਾਨ ਵਿੱਚ ਸੁਰੱਖਿਆ ਚੁਣੌਤੀਆਂ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ।
