Home ਪੰਜਾਬ ਸ਼ਹੀਦੀ ਸ਼ਬਦ ਕੀਰਤਨ ਸਮਾਗਮ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇਤਿਹਾਸਕ ਪੁਸਤਕ...

ਸ਼ਹੀਦੀ ਸ਼ਬਦ ਕੀਰਤਨ ਸਮਾਗਮ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇਤਿਹਾਸਕ ਪੁਸਤਕ ਭੇਟ

0

ਚੰਡੀਗੜ੍ਹ : 29 ਦਸੰਬਰ 2025 (ਜਗਦੇਵ ਰੰਚਨਾਂ) ਗੁਰੂ ਨਾਨਕ ਦੇਵ ਆਡੀਟੋਰੀਅਮ, ਲੋਕ ਭਵਨ, ਚੰਡੀਗੜ੍ਹ ਵਿੱਚ ਆਯੋਜਿਤ ਸ਼ਹੀਦੀ ਸ਼ਬਦ ਕੀਰਤਨ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਡਾ. ਹਿਤੇਂਦਰ ਸੂਰੀ ਵੱਲੋਂ ਪੁਸਤਕ ਸ੍ਰੀ ਫਤਿਹਗੜ੍ਹ ਸਾਹਿਬ—ਸਰਬੋਤਮ ਕੁਰਬਾਨੀਆਂ ਦੀ ਧਰਤੀ’ ਭੇਟ ਕੀਤੀ ਗਈ।

ਇਸ ਮੌਕੇ ਡਾ. ਹਿਤੇਂਦਰ ਸੂਰੀ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਨਿੱਕੀਆਂ ਜਿੰਦਾਂ—ਵੱਡੇ ਸਾਕੇ’ ਨੂੰ ਵਿਸਤ੍ਰਿਤ ਅਤੇ ਸੰਵੇਦਨਸ਼ੀਲ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਚਨਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਿਮਰਤਾ ਨਾਲ ਸਮਰਪਿਤ ਹੈ।

ਡਾ. ਸੂਰੀ ਨੇ ਇਸ ਉਪਰਾਲੇ ਲਈ ਪ੍ਰੋ. ਅਸ਼ੋਕ ਸੂਦ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰ ਸਮੇਂ ਟੀਮ ਲਈ ਮਜ਼ਬੂਤ ਸਹਾਰਾ ਦਿੱਤਾ। ਨਾਲ ਹੀ ਪਦਮਸ਼੍ਰੀ ਜਗਜੀਤ ਸਿੰਘ ਦਰਦੀ, ਮਾਲਕ ਚੜ੍ਹਦੀਕਲਾ ਟਾਈਮ ਟੀ.ਵੀ., ਦੀ ਰਹਿਨੁਮਾਈ ਅਤੇ ਸਹਿਯੋਗ ਲਈ ਵੀ ਆਭਾਰ ਪ੍ਰਗਟਾਇਆ, ਜਿਸ ਨਾਲ ਇਹ ਉਪਰਾਲਾ ਹੋਰ ਸਮਰੱਥ ਬਣਿਆ। ਇਸ ਮੌਕੇ ਵਰਿੰਦਰ ਵਾਲੀਆ, ਸੰਪਾਦਕ ਪੰਜਾਬੀ ਜਾਗਰਣ, ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਸਮਾਗਮ ਵਿੱਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ, ਸੀਨੀਅਰ ਭਾਜਪਾ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਸਤਿਆ ਪਾਲ ਜੈਨ, ਭਾਜਪਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਦੀਦਾਰ ਸਿੰਘ ਭੱਟੀ, ਭਾਜਪਾ ਜਨਰਲ ਸਕੱਤਰ ਰਾਮਵੀਰ ਭੱਟੀ, ਪਦਮਸ਼੍ਰੀ ਵਿਜੇ ਚੋਪੜਾ ਜੀ (ਐਡੀਟਰ-ਇਨ-ਚੀਫ, ਪੰਜਾਬ ਕੇਸਰੀ) ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ।

ਡਾ. ਸੂਰੀ ਨੇ ਇਸ ਮੌਕੇ ਪ੍ਰੋ. ਅਚਰੂ ਸਿੰਘ ਦਾ ਵੀ ਤਹਿ ਦਿਲੋਂ ਸਤਿਕਾਰ ਕੀਤਾ, ਜਿਨ੍ਹਾਂ ਨੇ ਇਸ ਪੁਸਤਕ ਨੂੰ ਸ਼ੁੱਧਤਾ, ਸੰਵੇਦਨਸ਼ੀਲਤਾ ਅਤੇ ਬਾਰੀਕੀ ਨਾਲ ਸੰਪਾਦਿਤ ਕੀਤਾ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਹਰਿਆਣਾ ਦੇ ਰਾਜਪਾਲ ਅਸ਼ੀਮ ਕੁਮਾਰ ਘੋਸ਼ ਅਤੇ ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਉਚੇਚਾ ਧੰਨਵਾਦ ਵੀ ਪ੍ਰਗਟਾਇਆ।

ਸਮਾਗਮ ਦੌਰਾਨ ਸ਼ਹੀਦਾਂ ਦੀ ਯਾਦ ਵਿੱਚ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਨ ਅਤੇ ਨੌਜਵਾਨ ਪੀੜ੍ਹੀ ਨੂੰ ਕੁਰਬਾਨੀਆਂ ਦੀ ਮਹੱਤਾ ਸਮਝਾਉਣ ਦਾ ਸਨੇਹਾ ਦਿੱਤਾ ਗਿਆ।

Exit mobile version