ਕੇਪ ਟਾਊਨ: 29 ਦਸੰਬਰ 2025 (ਸ਼.ਅ.ਬਿਓਰੋ) : ਦੱਖਣੀ ਅਫ਼ਰੀਕਾ ਵਿੱਚ ਚੱਲ ਰਹੀ SA ਟੀ-20 ਲੀਗ ਦੌਰਾਨ ਕ੍ਰਿਕਟ ਦੇ ਮੈਦਾਨ ‘ਚ ਇੱਕ ਹੈਰਾਨ ਕਰ ਦੇਣ ਵਾਲਾ ਨਜ਼ਾਰਾ ਵੇਖਣ ਨੂੰ ਮਿਲਿਆ, ਜਦੋਂ ਇੱਕ ਕ੍ਰਿਕਟ ਪ੍ਰਸ਼ੰਸਕ ਨੇ ਸਿਰਫ਼ ਇਕ ਕੈਚ ਫੜ ਕੇ ਰਾਤੋ-ਰਾਤ ਕਰੋੜਪਤੀ ਬਣਨ ਦਾ ਸੁਪਨਾ ਸਾਕਾਰ ਕਰ ਲਿਆ।
ਨਿਊਲੈਂਡਸ ਸਟੇਡੀਅਮ ਵਿੱਚ ਐਮਆਈ ਕੇਪ ਟਾਊਨ ਅਤੇ ਡਰਬਨ ਸੁਪਰ ਜਾਇੰਟਸ ਦਰਮਿਆਨ ਖੇਡੇ ਗਏ ਮੈਚ ਦੌਰਾਨ, ਸਟੈਂਡਸ ਵਿੱਚ ਬੈਠੇ ਇੱਕ ਦਰਸ਼ਕ ਨੇ ਇਕ ਹੱਥ ਨਾਲ ਸ਼ਾਨਦਾਰ ਕੈਚ ਫੜਿਆ। ਇਸ ਕਮਾਲ ਦੇ ਕੈਚ ਲਈ ਉਸਨੂੰ SA ਟੀ-20 ਲੀਗ ਦੀ ‘ਫੈਨ ਕੈਚ’ ਮੁਹਿੰਮ ਤਹਿਤ 2 ਮਿਲੀਅਨ ਰੈਂਡ (ਕਰੀਬ 1.08 ਕਰੋੜ ਭਾਰਤੀ ਰੁਪਏ) ਦਾ ਵੱਡਾ ਇਨਾਮ ਮਿਲਿਆ।
ਇਹ ਘਟਨਾ ਮੈਚ ਦੇ 13ਵੇਂ ਓਵਰ ਵਿੱਚ ਵਾਪਰੀ, ਜਦੋਂ ਐਮਆਈ ਕੇਪ ਟਾਊਨ ਦੇ ਬੱਲੇਬਾਜ਼ ਰਿਆਨ ਰਿਕੇਲਟਨ ਨੇ ਲੰਮਾ ਛੱਕਾ ਮਾਰਿਆ। ਗੇਂਦ ਸਿੱਧੀ ਸਟੈਂਡਸ ਵੱਲ ਗਈ, ਜਿੱਥੇ ਪ੍ਰਸ਼ੰਸਕ ਨੇ ਬਿਨਾਂ ਹਿਚਕਚਾਹਟ ਇਕ ਹੱਥ ਨਾਲ ਕੈਚ ਲਪਕ ਲਿਆ, ਜਿਸ ਨਾਲ ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਨੇ ਖੂਬ ਤਾਲੀਆਂ ਵੱਜਾਈਆਂ।
ਰਿਆਨ ਰਿਕੇਲਟਨ ਨੇ ਇਸ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 65 ਗੇਂਦਾਂ ‘ਚ 113 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 11 ਛੱਕੇ ਅਤੇ 5 ਚੌਕੇ ਸ਼ਾਮਲ ਸਨ। ਹਾਲਾਂਕਿ, ਇਸ ਧਮਾਕੇਦਾਰ ਸੈਂਕੜੇ ਦੇ ਬਾਵਜੂਦ ਐਮਆਈ ਕੇਪ ਟਾਊਨ ਦੀ ਟੀਮ ਮੈਚ ਜਿੱਤਣ ਵਿੱਚ ਅਸਫ਼ਲ ਰਹੀ ਅਤੇ ਡਰਬਨ ਸੁਪਰ ਜਾਇੰਟਸ ਕੋਲੋਂ 15 ਦੌੜਾਂ ਨਾਲ ਹਾਰ ਗਈ।
ਇਹ ਮੈਚ ਨਾ ਸਿਰਫ਼ ਕ੍ਰਿਕਟ ਪ੍ਰੇਮੀਆਂ ਲਈ ਯਾਦਗਾਰ ਬਣਿਆ, ਸਗੋਂ ਉਸ ਖੁਸ਼ਕਿਸਮਤ ਪ੍ਰਸ਼ੰਸਕ ਲਈ ਵੀ, ਜਿਸ ਦੀ ਕਿਸਮਤ ਇਕ ਕੈਚ ਨਾਲ ਹੀ ਬਦਲ ਗਈ।







