ਬਠਿੰਡਾ — ਸ਼ਹਿਰ ਵਿੱਚ ਇੱਕ ਮਹਿਲਾ ਦੇ ਕਤਲ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਐਸਪੀ (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕਨਾਲ ਏਰੀਆ ਨੂੰ ਸੂਚਨਾ ਮਿਲੀ ਸੀ ਕਿ ਇੱਕ ਮਹਿਲਾ, ਜੋ ਬਠਿੰਡਾ ਦੀ ਇੱਕ ਨਿੱਜੀ ਕੰਪਨੀ ਦੇ ਸ਼ੋਅਰੂਮ ਵਿੱਚ ਕੰਮ ਕਰਦੀ ਸੀ, ਬੀਤੇ ਦਿਨ ਘਰ ਤੋਂ ਨਿਕਲਣ ਤੋਂ ਬਾਅਦ ਵਾਪਸ ਨਹੀਂ ਪਰਤੀ।
ਪੁਲਿਸ ਮੁਤਾਬਕ ਮਹਿਲਾ ਦੀ ਕਾਫ਼ੀ ਭਾਲ ਕੀਤੀ ਗਈ, ਪਰ ਕੋਈ ਪਤਾ ਨਾ ਲੱਗਣ ’ਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਘਰ ਤੋਂ ਕੁਝ ਦੂਰੀ ’ਤੇ ਸਥਿਤ ਇੱਕ ਖਾਲੀ ਪਲਾਟ ਵਿੱਚ ਮਹਿਲਾ ਦੀ ਲਾਸ਼ ਬਰਾਮਦ ਹੋਈ। ਲਾਸ਼ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਹਿਲਾ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਸਨ, ਜਿਸ ਕਾਰਨ ਉਸਦੀ ਮੌਤ ਹੋਈ।
ਐਸਪੀ ਨਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਪੁਲਿਸ ਅਨੁਸਾਰ ਮ੍ਰਿਤਕ ਮਹਿਲਾ ਦੀ ਕੁਝ ਸਾਲ ਪਹਿਲਾਂ ਲਵ ਮੈਰਿਜ ਹੋਈ ਸੀ। ਉਹ ਆਪਣੇ ਪਤੀ ਅਤੇ ਲਗਭਗ ਦੋ ਸਾਲ ਦੇ ਬੱਚੇ ਨਾਲ ਬਠਿੰਡਾ ਦੇ ਗੋਪਾਲ ਨਗਰ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਮੌਕੇ ’ਤੇ ਪਹੁੰਚੇ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਨਾਲ ਲਵ ਮੈਰਿਜ ਹੋਈ ਸੀ ਅਤੇ ਉਸਨੂੰ ਕੁਝ ਵਿਅਕਤੀਆਂ ’ਤੇ ਸ਼ੱਕ ਹੈ, ਜਿਨ੍ਹਾਂ ਦੇ ਨਾਮ ਪੁਲਿਸ ਨੂੰ ਦੱਸੇ ਜਾ ਰਹੇ ਹਨ।
ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਹਰ ਪੱਖੋਂ ਜਾਂਚ ਜਾਰੀ ਹੈ।







