ਹਿਸਾਰ: 28 ਦਸੰਬਰ (ਛਤਰਪਾਲ ਸਿੰਘ) : ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਨੇ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਟਾਊਨ ਪਲੈਨਰ ਵਿਭਾਗ ਦੇ ਜੂਨੀਅਰ ਇੰਜੀਨੀਅਰ (ਜੇ.ਈ.) ਗਿਰੀਸ਼ ਕੁਮਾਰ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਪੇਟਵਾੜ ਪਿੰਡ ਦੇ ਰਹਿਣ ਵਾਲੇ ਸੁਮਿਤ ਦੀ ਸ਼ਿਕਾਇਤ ’ਤੇ ਕੀਤੀ ਗਈ।
ਸ਼ਿਕਾਇਤਕਰਤਾ ਸੁਮਿਤ ਨੇ ਦੱਸਿਆ ਕਿ ਉਸ ਦੀ ਪੀ.ਵੀ.ਸੀ. ਸੀਟ ਪੈਨਲ ਦੀ ਦੁਕਾਨ ਨੂੰ ਗੈਰ-ਕਾਨੂੰਨੀ ਦੱਸ ਕੇ ਤੋੜਨ ਦੀ ਧਮਕੀ ਦੇ ਕੇ ਜੇ.ਈ. ਗਿਰੀਸ਼ ਕੁਮਾਰ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਸੁਮਿਤ ਦੇ ਮੁਤਾਬਕ, 23 ਦਸੰਬਰ ਦੀ ਸ਼ਾਮ ਨੂੰ ਜੇ.ਈ. ਉਸ ਦੀ ਦੁਕਾਨ ’ਤੇ ਆਇਆ ਅਤੇ ਅਧਿਕਾਰੀ ਹੋਣ ਦਾ ਹਵਾਲਾ ਦਿੰਦਿਆਂ ਦੁਕਾਨ ਦੀ ਮਾਪ-ਪੜਤਾਲ ਸ਼ੁਰੂ ਕਰ ਦਿੱਤੀ।
ਜਦੋਂ ਸੁਮਿਤ ਨੇ ਕਾਰਨ ਪੁੱਛਿਆ ਤਾਂ ਜੇ.ਈ. ਨੇ ਕਿਹਾ ਕਿ ਦੁਕਾਨ ਗੈਰ-ਕਾਨੂੰਨੀ ਹੈ ਅਤੇ ਜਲਦ ਹੀ ਨੋਟਿਸ ਜਾਰੀ ਕਰਕੇ ਢਾਹੁਣ ਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਜੇ.ਈ. ਨੇ ਕਾਰਵਾਈ ਰੋਕਣ ਦੇ ਬਦਲੇ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਗੱਲਬਾਤ ਤੋਂ ਬਾਅਦ ਸੌਦਾ 20 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ।
ਸੁਮਿਤ ਨੇ ਦੱਸਿਆ ਕਿ ਉਸਨੇ ਰਿਸ਼ਵਤ ਦੀ ਮੰਗ ਸਬੰਧੀ ਫੋਨ ’ਤੇ ਹੋਈ ਗੱਲਬਾਤ ਰਿਕਾਰਡ ਕਰ ਲਈ ਅਤੇ ਇਸ ਤੋਂ ਬਾਅਦ ਏ.ਸੀ.ਬੀ. ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੀ ਪੁਸ਼ਟੀ ਹੋਣ ’ਤੇ ਏ.ਸੀ.ਬੀ. ਦੀ ਟੀਮ ਨੇ ਜਾਲ ਬਿਛਾ ਕੇ ਜੇ.ਈ. ਗਿਰੀਸ਼ ਕੁਮਾਰ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਏ.ਸੀ.ਬੀ. ਅਧਿਕਾਰੀਆਂ ਮੁਤਾਬਕ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਜੇ.ਈ. ਖ਼ਿਲਾਫ਼ ਭ੍ਰਿਸ਼ਟਾਚਾਰ ਨਿਵਾਰਣ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
