Home ਪੰਜਾਬ ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਦੇ ਰੇਟ ਘਟਾਉਣ ਖ਼ਿਲਾਫ਼ ਕਿਸਾਨਾਂ ਦਾ ਰੋਸ,...

ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਦੇ ਰੇਟ ਘਟਾਉਣ ਖ਼ਿਲਾਫ਼ ਕਿਸਾਨਾਂ ਦਾ ਰੋਸ, 29 ਦਸੰਬਰ ਤੋਂ ਪੱਕੇ ਧਰਨੇ ਦਾ ਐਲਾਨ

0

ਗੁਰਦਾਸਪੁਰ, 28 ਦਸੰਬਰ (ਪ੍ਰਭਜੋਤ ਸਿੰਘ): ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਦੇ ਰੇਟ 2 ਰੁਪਏ ਪ੍ਰਤੀ ਲੀਟਰ ਘਟਾਏ ਜਾਣ ਦੇ ਵਿਰੋਧ ਵਿੱਚ ਦੁੱਧ ਉਤਪਾਦਕ ਕਿਸਾਨਾਂ ਅਤੇ ਡੇਅਰੀ ਯੂਨੀਅਨ ਵੱਲੋਂ ਤਿੱਖਾ ਰੋਸ ਪ੍ਰਗਟ ਕੀਤਾ ਗਿਆ। ਯੂਨੀਅਨ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਕਿਸਾਨ ਭਾਰੀ ਆਰਥਿਕ ਸੰਕਟ ਵਿੱਚ ਘਿਰੇ ਹੋਏ ਹਨ ਅਤੇ ਪਿਛਲੇ ਦਿਨੀਂ ਆਈ ਹੜ੍ਹ ਕਾਰਨ ਉਨ੍ਹਾਂ ਨੂੰ ਦੋਹਰੀ ਮਾਰ ਪਈ ਹੈ। ਅਜਿਹੀ ਸਥਿਤੀ ਵਿੱਚ ਰੇਟ ਵਧਾਉਣ ਦੀ ਬਜਾਏ ਘਟਾਉਣਾ ਕਿਸਾਨ ਵਿਰੋਧੀ ਕਦਮ ਹੈ।

ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਪਿੰਡ ਕਲੇਰ ਕਲਾਂ ਦੀ ਵੇਰਕਾ ਸੁਸਾਇਟੀ ਨੂੰ ਪੰਚਾਇਤ ਚੋਣਾਂ ਦੌਰਾਨ ਸਿਆਸੀ ਰੰਜਿਸ਼ ਕਾਰਨ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਵੇਰਕਾ ਮਿਲਕ ਪਲਾਂਟ ਨੇ ਪੂਰੇ ਪਿੰਡ ਦਾ ਦੁੱਧ ਲੈਣਾ ਵੀ ਬੰਦ ਕਰ ਦਿੱਤਾ। ਇਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਚੰਡੀਗੜ੍ਹ ਤੋਂ ਆਈ ਟੀਮ, ਵੇਰਕਾ ਮੈਨੇਜਮੈਂਟ ਕਮੇਟੀ, ਗੁਰਦਾਸਪੁਰ ਪੁਲਿਸ, ਸਿਵਲ ਪ੍ਰਸ਼ਾਸਨ ਅਤੇ ਵੇਰਕਾ ਡੇਅਰੀ ਕ੍ਰਾਂਤੀਕਾਰੀ ਯੂਨੀਅਨ ਦਰਮਿਆਨ ਮੀਟਿੰਗ ਹੋਈ ਸੀ। ਮੀਟਿੰਗ ਦੌਰਾਨ ਇਹ ਸਮਝੌਤਾ ਹੋਇਆ ਸੀ ਕਿ 27 ਦਸੰਬਰ 2025 ਤੋਂ ਪਿੰਡ ਕਲੇਰ ਕਲਾਂ ਦਾ ਦੁੱਧ ਮੁੜ ਚੁੱਕਿਆ ਜਾਵੇਗਾ। ਨਾਲ ਹੀ 21 ਦਸੰਬਰ 2025 ਤੋਂ ਦੁੱਧ ਦੇ ਰੇਟ ਵਿੱਚ 1 ਰੁਪਏ ਦਾ ਵਾਧਾ ਕੀਤਾ ਜਾਵੇਗਾ ਅਤੇ 1 ਜਨਵਰੀ ਤੋਂ ਹੋਰ 1 ਰੁਪਏ ਪ੍ਰਤੀ ਲੀਟਰ ਵਾਧਾ ਲਾਗੂ ਕੀਤਾ ਜਾਵੇਗਾ।

ਪਰ ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਹੁਣ ਵੇਰਕਾ ਮੈਨੇਜਮੈਂਟ ਆਪਣੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਇਸ ਦੇ ਰੋਸ ਵਜੋਂ ਅੱਜ ਕਿਸਾਨਾਂ ਨੇ ਇੱਥੇ ਲਿਆਂਦਾ ਦੁੱਧ ਸੜਕ ’ਤੇ ਡੋਲ ਕੇ ਪ੍ਰਤੀਕਾਤਮਕ ਅਤੇ ਸ਼ਕੌਤਮਈ ਰੋਸ ਪ੍ਰਦਰਸ਼ਨ ਕੀਤਾ।

ਯੂਨੀਅਨ ਨੇ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਜੇਕਰ ਮੰਗਾਂ ਜਲਦ ਪੂਰੀਆਂ ਨਾ ਹੋਈਆਂ ਤਾਂ 29 ਦਸੰਬਰ ਤੋਂ ਪੱਕਾ ਧਰਨਾ ਲਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਵੇਰਕਾ ਮੈਨੇਜਮੈਂਟ ਅਤੇ ਪ੍ਰਸ਼ਾਸਨ ਦੀ ਹੋਵੇਗੀ।

Exit mobile version