ਲੁਧਿਆਣਾ, 27 ਦਸੰਬਰ 2025: ਟ੍ਰੇਨ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਲਈ ਰਾਹਤ ਭਰੀ ਖ਼ਬਰ ਹੈ। ਨਵੇਂ ਸਾਲ ਦੇ ਮੌਕੇ ‘ਤੇ ਯਾਤਰੀਆਂ ਦੀ ਵਧਦੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਨਾਰਦਰਨ ਰੇਲਵੇ ਦੇ ਜੰਮੂ ਡਿਵੀਜ਼ਨ ਵੱਲੋਂ ਵਿਸ਼ੇਸ਼ ਰਾਖਵੀਂ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ 27 ਦਸੰਬਰ 2025 ਤੋਂ 1 ਜਨਵਰੀ 2026 ਤੱਕ ਨਵੀਂ ਦਿੱਲੀ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਦੇ ਦਰਮਿਆਨ ਇੱਕ ਵਿਸ਼ੇਸ਼ ਰਾਖਵੀਂ ਰੇਲਗੱਡੀ ਚਲਾਈ ਜਾਵੇਗੀ।
ਰੇਲਵੇ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਵਿਸ਼ੇਸ਼ ਰੇਲਗੱਡੀ ਨੰਬਰ 04081 (ਨਵੀਂ ਦਿੱਲੀ–ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ) ਆਪਣੇ ਪਹਿਲੇ ਦਿਨ 27 ਦਸੰਬਰ ਨੂੰ ਰਾਤ 11:45 ਵਜੇ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12:00 ਵਜੇ ਕਟੜਾ ਪਹੁੰਚੇਗੀ।
ਰਸਤੇ ਦੌਰਾਨ ਇਹ ਰੇਲਗੱਡੀ ਪਾਣੀਪਤ, ਕੁਰੂਕਸ਼ੇਤਰ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਅਤੇ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ (ਊਧਮਪੁਰ) ਰੇਲਵੇ ਸਟੇਸ਼ਨਾਂ ‘ਤੇ ਠਹਿਰੇਗੀ।
ਰੇਲਵੇ ਅਧਿਕਾਰੀਆਂ ਅਨੁਸਾਰ ਇਸ ਵਿਸ਼ੇਸ਼ ਸੇਵਾ ਨਾਲ ਨਵੇਂ ਸਾਲ ਮੌਕੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਭੀੜ ਦਾ ਦਬਾਅ ਘਟੇਗਾ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਯਾਤਰਾ ਤੋਂ ਪਹਿਲਾਂ ਰਾਖਵੀਂ ਸਥਿਤੀ ਅਤੇ ਸਮਾਂਸੂਚੀ ਦੀ ਪੁਸ਼ਟੀ ਕਰ ਲੈਣ।








