ਏਕਤਾ ਅਤੇ ਦਇਆ ਦੇ ਸੰਦੇਸ਼ ਨੂੰ ਦੱਸਿਆ ਅਮਰ ਪ੍ਰੇਰਣਾ ਸਰੋਤ
ਨਵੀਂ ਦਿੱਲੀ: 27 ਦਸੰਬਰ: (ਚੌਧਰੀ ਪ੍ਰਭਜੀਤ ਸਿੰਘ) : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਸਿੱਖ ਧਰਮ ਦੇ ਦਸਵੇਂ ਗੁਰੂ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਮੌਕੇ ਦੇਸ਼ਵਾਸੀਆਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਏਕਤਾ, ਦਇਆ ਅਤੇ ਸਾਰਿਆਂ ਲਈ ਸਤਿਕਾਰ ‘ਤੇ ਅਧਾਰਤ ਇੱਕ ਸਦਭਾਵਨਾਪੂਰਨ ਸਮਾਜ ਦੀ ਰਚਨਾ ਲਈ ਮਨੁੱਖਤਾ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ।
ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਪ੍ਰਤੀਕੂਲ ਹਾਲਾਤਾਂ ਵਿੱਚ ਵੀ ਉੱਚ ਆਦਰਸ਼ਾਂ ਲਈ ਅਟੱਲ ਰਹਿਣ, ਮਾਣ ਅਤੇ ਮਹਾਨ ਕੁਰਬਾਨੀ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਏਕਤਾ, ਦਇਆ ਅਤੇ ਸਾਰਿਆਂ ਲਈ ਸਤਿਕਾਰ ‘ਤੇ ਆਧਾਰਿਤ ਸਮਾਜ ਬਣਾਉਣ ਲਈ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਦਾ ਪ੍ਰੇਰਣਾ ਦੇਂਦੀਆਂ ਰਹਿਣ।
ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ, “ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੇ ਸ਼ੁਭ ਮੌਕੇ ‘ਤੇ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਅਦੁੱਤੀ ਹਿੰਮਤ ਅਤੇ ਅਸਾਧਾਰਨ ਦੂਰਦਰਸ਼ਤਾ ਨਾਲ ਗੁਰੂ ਸਾਹਿਬ ਨੇ ਲੋਕਾਂ ਨੂੰ ਧਰਮੀ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਪੈਰੋਕਾਰਾਂ ਨੂੰ ਨਿਆਂ ਅਤੇ ਸਵੈ-ਮਾਣ ਦੇ ਆਦਰਸ਼ਾਂ ਦੀ ਰੱਖਿਆ ਲਈ ਇਕਜੁੱਟ ਕੀਤਾ।”
ਉਨ੍ਹਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਖਾਲਸਾ ਪੰਥ ਨੇ ਵੱਡੀ ਤੋਂ ਵੱਡੀ ਤਾਕਤ ਦੇ ਸਾਹਮਣੇ ਵੀ ਬਹਾਦਰੀ ਨਾਲ ਡਟ ਕੇ ਮੁਕਾਬਲਾ ਕਰਨ ਦੀ ਸਮਰਥਾ ਦਿਖਾਈ, ਜੋ ਅੱਜ ਵੀ ਦੇਸ਼ ਅਤੇ ਸਮਾਜ ਲਈ ਅਮਰ ਪ੍ਰੇਰਣਾ ਹੈ।
