ਧਰਮ : (ਗੁਰਪ੍ਰੀਤ ਸਿੰਘ)
12 ਪੋਹ ਦੀ ਰਾਤ ਬੀਤਣ ਤੋਂ ਬਾਅਦ 13 ਪੋਹ ਦੀ ਸਵੇਰ ਕੜਾਕੇ ਦੀ ਠੰਡ ਨਾਲ ਆਈ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਠੰਢੇ ਬੁਰਜ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰ ਰਹੇ ਸਨ। ਉਹ ਭੁੱਖੇ ਸਨ, ਠੰਢ ਨਾਲ ਕੰਬ ਰਹੇ ਸਨ, ਪਰ ਉਨ੍ਹਾਂ ਦੇ ਮਨ ਸ਼ਾਂਤ ਸਨ ਅਤੇ ਪ੍ਰਭੂ ਦੇ ਚਰਨਾਂ ਨਾਲ ਜੁੜੇ ਹੋਏ ਸਨ।

ਉਸੇ ਸਵੇਰ ਛੋਟੇ ਸਾਹਿਬਜ਼ਾਦਿਆਂ ਨੂੰ ਸਿਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਨੂੰ ਸੁਖ-ਸਹੂਲਤਾਂ, ਧਨ-ਦੌਲਤ ਅਤੇ ਜਾਨ ਦੀ ਸੁਰੱਖਿਆ ਦਾ ਲਾਲਚ ਦਿੱਤਾ ਗਿਆ, ਬਸ ਇਹ ਕਿਹਾ ਗਿਆ ਕਿ ਉਹ ਆਪਣਾ ਧਰਮ ਛੱਡ ਦੇਣ। ਪਰ ਨਿੱਕੀ ਉਮਰ ਦੇ ਬਾਵਜੂਦ ਛੋਟੇ ਸਾਹਿਬਜ਼ਾਦਿਆਂ ਨੇ ਡਟ ਕੇ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਾਫ਼ ਕਿਹਾ ਕਿ ਧਰਮ ਸਭ ਤੋਂ ਵੱਡੀ ਦੌਲਤ ਹੈ ਅਤੇ ਉਸ ਤੋਂ ਵਧ ਕੇ ਕੁਝ ਨਹੀਂ।
ਜਦੋਂ ਉਹ ਆਪਣੇ ਫ਼ੈਸਲੇ ‘ਤੇ ਅਡਿੱਗ ਰਹੇ, ਤਾਂ ਜ਼ਾਲਮ ਹਾਕਮਾਂ ਨੇ ਰਹਿਮ ਨਾ ਕੀਤਾ। ਉਮਰ ਦੀ ਕੋਈ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਨੂੰ ਜੀਉਂਦਾ ਇੱਟਾਂ ਵਿੱਚ ਚੁਣਨ ਦਾ ਹੁਕਮ ਦੇ ਦਿੱਤਾ ਗਿਆ। ਇੱਕ-ਇੱਕ ਕਰਕੇ ਇੱਟਾਂ ਲਗਾਈਆਂ ਗਈਆਂ। ਦਰਦ ਅਤੇ ਠੰਢ ਨਾਲ ਉਨ੍ਹਾਂ ਦੇ ਨਾਜ਼ੁਕ ਸਰੀਰ ਕੰਬ ਰਹੇ ਸਨ, ਪਰ ਹੌਸਲਾ ਕਦੇ ਨਾ ਡਿਗਿਆ। ਉਨ੍ਹਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ, ਸਿਰਫ਼ ਵਾਹਿਗੁਰੂ ਦੀ ਯਾਦ ਸੀ।

ਉਨ੍ਹਾਂ ‘ਤੇ ਅਨੇਕਾਂ ਤਰ੍ਹਾਂ ਦੇ ਜ਼ੁਲਮ ਕੀਤੇ ਗਏ। ਭਾਰੀ ਚੋਟਾਂ ਮਾਰੀ ਗਈਆਂ, ਪੱਥਰ ਸੁੱਟੇ ਗਏ। ਸਰੀਰ ਜ਼ਖ਼ਮੀ ਹੋ ਗਏ, ਪਰ ਨਾਂ ਤਾਂ ਉਹ ਡਰੇ ਅਤੇ ਨਾਂ ਹੀ ਆਪਣੇ ਧਰਮ ਤੋਂ ਮੁੱਕਰੇ। ਬਾਬਾ ਫ਼ਤਿਹ ਸਿੰਘ ਜੀ ਦੀ ਇੱਕ ਅੱਖ ਬਹੁਤ ਜ਼ਖ਼ਮੀ ਹੋ ਗਈ, ਫਿਰ ਵੀ ਉਹ ਅਡੋਲ ਰਹੇ।
ਅੰਤ ਵਿੱਚ ਅਸੀਮ ਦਰਦ ਅਤੇ ਯਾਤਨਾਵਾਂ ਸਹਿੰਦਿਆਂ ਛੋਟੇ ਸਾਹਿਬਜ਼ਾਦਿਆਂ ਨੇ ਧਰਮ ਦੀ ਰੱਖਿਆ ਲਈ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਨਾਲ ਸਾਨੂੰ ਆਜ਼ਾਦੀ ਅਤੇ ਧਰਮ ਨਾਲ ਜੀਣ ਦਾ ਅਧਿਕਾਰ ਦਿੱਤਾ।

ਅਸੀਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਕੁਰਬਾਨੀ ਅੱਗੇ ਸਿਰ ਨਿਵਾਉਂਦੇ ਹਾਂ।


https://youtube.com/shorts/iT_m1-ol9js?feature=share
ਧੰਨ ਹਨ ਛੋਟੇ ਸਾਹਿਬਜ਼ਾਦੇ, ਧੰਨ ਹੈ ਉਨ੍ਹਾਂ ਦੀ ਅਡਿੱਗ ਸ਼ਰਧਾ ਅਤੇ ਬਹਾਦਰੀ। 🙏







