ਪੰਜਾਬੀ ਗਾਇਕ ਕਾਕਾ ਨੇ ਦਿੱਤਾ ਸਮਰਥਨ

ਪਟਿਆਲਾ: 26 ਦਸੰਬਰ: (ਪ੍ਰਭਜੋਤ ਸਿੰਘ) : ਪਟਿਆਲਾ ਦੀ ਨੂੰਹ ਅਤੇ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਦਾ ਨਵਾਂ ਗੀਤ ‘ਲਾਲੀਪੌਪ’ ਰਿਲੀਜ਼ ਹੋਣ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵਿਵਾਦਾਂ ਵਿੱਚ ਘਿਰ ਗਿਆ ਹੈ। ਗੀਤ ਨੂੰ ਲੈ ਕੇ ਟ੍ਰੋਲਰਾਂ ਵੱਲੋਂ ਨੇਹਾ ਕੱਕੜ ਅਤੇ ਉਸ ਦੇ ਭਰਾ ਟੋਨੀ ਕੱਕੜ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਗੀਤ ‘ਤੇ ਅਸ਼ਲੀਲਤਾ ਦੇ ਦੋਸ਼ ਲਗਾਏ ਜਾ ਰਹੇ ਹਨ।
ਸ਼ਾਸਤਰੀ ਸੰਗੀਤ ਦੀ ਪ੍ਰਸਿੱਧ ਹਸਤੀ ਮਾਲਿਨੀ ਅਵਸਥੀ ਨੇ ਵੀ ਗੀਤ ਦੇ ਡਾਂਸ ਸਟੈਪਸ ‘ਤੇ ਇਤਰਾਜ਼ ਜਤਾਇਆ ਹੈ। ਇਸ ਮਾਮਲੇ ਨੇ ਹੋਰ ਤੂਲ ਫੜ ਲਿਆ ਜਦੋਂ ਪੰਜਾਬੀ ਗਾਇਕ ਕਾਕਾ, ਜੋ ‘ਕਾਲਾ ਰੰਗ’ ਗੀਤ ਨਾਲ ਪ੍ਰਸਿੱਧ ਹੋਏ ਸਨ, ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਜਾਰੀ ਕਰਕੇ ਟ੍ਰੋਲਸ ਨੂੰ ਜਵਾਬ ਦਿੱਤਾ।
ਕਾਕਾ ਨੇ ਆਪਣੇ ਬਿਆਨ ਵਿੱਚ ਨੇਹਾ ਕੱਕੜ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅਜਿਹੇ ਗੀਤਾਂ ਦੀ ਮੌਜੂਦਾ ਸਮੇਂ ‘ਚ ਮਾਰਕੀਟ ਕਾਫ਼ੀ ਵਧ ਰਹੀ ਹੈ ਅਤੇ ਇਹ ਗੀਤ ਥੋੜ੍ਹੇ ਸਮੇਂ ਵਿੱਚ ਹੀ ਲੱਖਾਂ ਵਿਊਜ਼ ਹਾਸਲ ਕਰ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਗੰਭੀਰ ਅਤੇ ਅਰਥਪੂਰਨ ਗੀਤਾਂ ਨੂੰ ਅਕਸਰ ਦਰਸ਼ਕ ਨਹੀਂ ਮਿਲਦੇ।
ਜ਼ਿਕਰਯੋਗ ਹੈ ਕਿ ‘ਲਾਲੀਪੌਪ’ ਗੀਤ ਨੇ ਕੇਵਲ 10 ਦਿਨਾਂ ਵਿੱਚ ਹੀ ਕਰੀਬ 12 ਮਿਲੀਅਨ ਵਿਊਜ਼ ਪ੍ਰਾਪਤ ਕਰ ਲਏ ਹਨ। ਇਹ ਗੀਤ ਖਾਸ ਤੌਰ ‘ਤੇ ਨਵੇਂ ਸਾਲ ਦੀ ਪਾਰਟੀ ਥੀਮ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਨੇਹਾ ਕੱਕੜ ਬਾਲੀਵੁੱਡ ਦੀਆਂ ਸਭ ਤੋਂ ਲੋਕਪ੍ਰਿਯ ਗਾਇਕਾਵਾਂ ਵਿੱਚੋਂ ਇੱਕ ਹੈ। ਉਹ ਮੂਲ ਰੂਪ ਵਿੱਚ ਉੱਤਰਾਖੰਡ ਦੇ ਨੈਨੀਤਾਲ ਤੋਂ ਹਨ ਅਤੇ ਉਨ੍ਹਾਂ ਦਾ ਵਿਆਹ ਪਟਿਆਲਾ ਦੇ ਗਾਇਕ ਰੋਹਨਪ੍ਰੀਤ ਸਿੰਘ ਨਾਲ ਹੋਇਆ ਹੈ। ਵਿਵਾਦਾਂ ਦੇ ਬਾਵਜੂਦ, ਗੀਤ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ।







