ਨਵੀਂ ਦਿੱਲੀ/ ਪੰਜਾਬ, 26 ਦਸੰਬਰ (ਛਤਰਪਾਲ ਸਿੰਘ): ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਚੱਕ ਤਾਰਨ ਵਾਲੀ ਦੇ ਰਹਿਣ ਵਾਲੇ 10 ਸਾਲਾ ਸ਼ਰਵਣ ਸਿੰਘ ਨੇ ਆਪਣੀ ਬਹਾਦਰੀ ਅਤੇ ਨਿਰਸਵਾਰਥ ਸੇਵਾ ਨਾਲ ਦੇਸ਼ ਭਰ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਸ਼ਰਵਣ ਸਿੰਘ ਨੂੰ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਵੱਲੋਂ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ–2025’ ਨਾਲ ਸਨਮਾਨਿਤ ਕੀਤਾ ਗਿਆ।
ਇਸ ਮਾਣਮੱਤੀ ਉਪਲਬਧੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਸ਼ੀ ਜਤਾਉਂਦਿਆਂ ਟਵੀਟ ਰਾਹੀਂ ਸ਼ਰਵਣ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੁੱਚੇ ਪੰਜਾਬ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬਾਨਾਂ ਵੱਲੋਂ ਦਿੱਤੀ ਸਿੱਖਿਆ ‘ਤੇ ਚੱਲਦਿਆਂ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਸ਼ਰਵਣ ਸਿੰਘ ਵੱਲੋਂ ਦਿਖਾਇਆ ਗਿਆ ਜਜ਼ਬਾ ਕਾਬਿਲ-ਏ-ਤਾਰੀਫ਼ ਹੈ।
ਆਪ੍ਰੇਸ਼ਨ ਸਿੰਦੂਰ ਵਿੱਚ ਨਿਭਾਈ ਅਹਿਮ ਭੂਮਿਕਾ
ਜ਼ਿਕਰਯੋਗ ਹੈ ਕਿ ਸਰਹੱਦੀ ਤਣਾਅ ਦੌਰਾਨ ਚਲਾਏ ਗਏ ‘ਆਪ੍ਰੇਸ਼ਨ ਸਿੰਦੂਰ’ ਸਮੇਂ ਸ਼ਰਵਣ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਫੌਜੀ ਜਵਾਨਾਂ ਦੀ ਸੇਵਾ ਕੀਤੀ। ਉਹ ਰੋਜ਼ਾਨਾ ਆਪਣੇ ਘਰੋਂ ਫੌਜੀ ਜਵਾਨਾਂ ਲਈ ਚਾਹ-ਪਾਣੀ, ਲੱਸੀ ਅਤੇ ਖਾਣਾ ਲੈ ਕੇ ਜਾਂਦਾ ਰਿਹਾ। ਛੋਟੀ ਉਮਰ ਵਿੱਚ ਦੇਸ਼ ਦੇ ਰਖਵਾਲਿਆਂ ਪ੍ਰਤੀ ਦਿਖਾਏ ਗਏ ਇਸ ਹੌਸਲੇ ਨੂੰ ਵੇਖਦਿਆਂ ਭਾਰਤੀ ਫੌਜ ਵੱਲੋਂ ਵੀ ਉਸ ਨੂੰ ਪਹਿਲਾਂ ਸਨਮਾਨਿਤ ਕੀਤਾ ਗਿਆ ਸੀ।
ਹੁਣ ਭਾਰਤ ਸਰਕਾਰ ਵੱਲੋਂ ਬੱਚਿਆਂ ਲਈ ਦਿੱਤੇ ਜਾਣ ਵਾਲੇ ਸਰਵਉੱਚ ਨਾਗਰਿਕ ਸਨਮਾਨ ਨਾਲ ਨਿਵਾਜੇ ਜਾਣ ‘ਤੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ਰਵਣ ਸਿੰਘ ਵਰਗੇ ਹੋਣਹਾਰ ਅਤੇ ਹੌਂਸਲੇਵਾਨ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਹਨ।







