ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭੇਟ ਕੀਤੀ ਸ਼ਰਧਾਂਜਲੀ, ਕਿਹਾ—ਸਿੱਖ ਇਤਿਹਾਸ ਬੇਮਿਸਾਲ
ਫਤਿਹਗੜ੍ਹ ਸਾਹਿਬ, 25 ਦਸੰਬਰ 2025 (ਛਤਰਪਾਲ ਸਿੰਘ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਮੱਥਾ ਟੇਕ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸਾਹਿਬ ਵਿੱਚ ਸੀਸ ਨਿਵਾ ਕੇ ਅਰਦਾਸ ਕੀਤੀ ਅਤੇ ਉਸ ਪਵਿੱਤਰ ਸਥਾਨ ਦਾ ਵੀ ਦਰਸ਼ਨ ਕੀਤਾ, ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਇੱਟਾਂ ਦੀ ਦੀਵਾਰ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ।
ਦੌਰੇ ਉਪਰਾਂਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਇੱਕ ਮਹਾਨ, ਸ਼ਾਨਦਾਰ ਅਤੇ ਮਨੁੱਖਤਾ ਲਈ ਪ੍ਰੇਰਣਾਸਰੋਤ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਸ਼ਹਾਦਤ ਦੁਨੀਆ ਵਿੱਚ ਕਿਤੇ ਵੀ ਬੇਮਿਸਾਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਤੁੱਲ ਕੁਰਬਾਨੀ ਸੱਚ, ਹਿੰਮਤ ਅਤੇ ਧਰਮ ਦੀ ਰੱਖਿਆ ਲਈ ਅਡੋਲ ਵਿਸ਼ਵਾਸ ਦੀ ਪ੍ਰਤੀਕ ਹੈ। ਉਨ੍ਹਾਂ ਆਖਿਆ ਕਿ ਉਹ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦੇ ਹਨ ਕਿ ਉਨ੍ਹਾਂ ਨੂੰ ਇਸ ਪਵਿੱਤਰ ਧਰਤੀ ’ਤੇ ਮੱਥਾ ਟੇਕਣ ਦਾ ਮੌਕਾ ਪ੍ਰਾਪਤ ਹੋਇਆ।
ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਸਾਨੂੰ ਸੱਚ, ਸਹਿਣਸ਼ੀਲਤਾ, ਹਿੰਮਤ ਅਤੇ ਕੁਰਬਾਨੀ ਦਾ ਸਦੀਵੀ ਸੰਦੇਸ਼ ਦਿੰਦੀ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਬਣਿਆ ਰਹੇਗਾ।







