ਜੰਕ ਫੂਡ ਨਾਲ ਮੌਤ ਦੇ ਦਾਅਵਿਆਂ ਨੂੰ ਏਮਜ਼ ਸੂਤਰਾਂ ਨੇ ਕੀਤਾ ਖਾਰਜ
ਟਾਈਫਾਇਡ, ਟੀ.ਬੀ. ਤੇ ਗੰਭੀਰ ਇਨਫੈਕਸ਼ਨ ਬਣੇ ਮੌਤ ਦਾ ਕਾਰਨ
ਨਵੀਂ ਦਿੱਲੀ: (ਚੌਧਰੀ ਪ੍ਰਭਜੀਤ ਸਿੰਘ) : ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਨਾਲ ਸਬੰਧਿਤ 11ਵੀਂ ਜਮਾਤ ਦੀ ਵਿਦਿਆਰਥਣ ਅਹਾਨਾ ਦੀ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਹੋਈ ਮੌਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਜੰਕ ਫੂਡ ਨਾਲ ਜੋੜੇ ਜਾ ਰਹੇ ਦਾਅਵਿਆਂ ’ਤੇ ਏਮਜ਼ ਦੇ ਸਰਕਾਰੀ ਸੂਤਰਾਂ ਨੇ ਸਪੱਸ਼ਟਤਾ ਦਿੱਤੀ ਹੈ।
ਪਰਿਵਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਅਹਾਨਾ ਨੂੰ ਜੰਕ ਫੂਡ ਖਾਣ ਦੀ ਆਦਤ ਸੀ ਅਤੇ ਇਸ ਕਾਰਨ ਉਸ ਦੀਆਂ ਅੰਤੜੀਆਂ ਵਿੱਚ ਇਨਫੈਕਸ਼ਨ ਹੋ ਗਈ, ਜਿਸ ਨਾਲ ਉਸਦੀ ਮੌਤ ਹੋ ਗਈ। ਪਰ ਇਹ ਦਾਅਵਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਹੁਣ ਏਮਜ਼ ਨਾਲ ਜੁੜੇ ਸਰਕਾਰੀ ਸੂਤਰਾਂ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ।
ਸੂਤਰਾਂ ਅਨੁਸਾਰ, ਅਹਾਨਾ ਨੂੰ 19 ਦਸੰਬਰ ਨੂੰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦਾ ਇਲਾਜ ਡਾ. ਸੁਨੀਲ ਚੁੰਬਰ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਸੀ। ਹਸਪਤਾਲ ਲਿਆਂਦੇ ਜਾਣ ਸਮੇਂ ਉਹ ਪਹਿਲਾਂ ਹੀ ਟਾਈਫਾਇਡ ਦੀ ਗੰਭੀਰ ਬੀਮਾਰੀ ਨਾਲ ਪੀੜਤ ਸੀ। ਇਨਫੈਕਸ਼ਨ ਇੰਨੀ ਵਧ ਚੁੱਕੀ ਸੀ ਕਿ ਇਸ ਕਾਰਨ ਉਸ ਦੀਆਂ ਅੰਤੜੀਆਂ ਵਿੱਚ ਛੇਕ (Perforation) ਹੋ ਗਿਆ ਸੀ।
ਡਾਕਟਰੀ ਮਾਹਿਰਾਂ ਮੁਤਾਬਕ, ਅਜਿਹੀ ਹਾਲਤ ਵਿੱਚ ਜਦੋਂ ਤੱਕ ਟਾਈਫਾਇਡ ਦੀ ਇਨਫੈਕਸ਼ਨ ਕਾਬੂ ਵਿੱਚ ਨਾ ਆਵੇ, ਤੁਰੰਤ ਸਰਜਰੀ ਸੰਭਵ ਨਹੀਂ ਹੁੰਦੀ। ਇਸ ਤੋਂ ਇਲਾਵਾ, ਸੂਤਰਾਂ ਨੇ ਇਹ ਵੀ ਦੱਸਿਆ ਕਿ ਵਿਦਿਆਰਥਣ ਟੀ.ਬੀ. (ਟਿਊਬਰਕੁਲੋਸਿਸ) ਨਾਲ ਵੀ ਪੀੜਤ ਸੀ। ਕਈ ਬਿਮਾਰੀਆਂ ਅਤੇ ਜਟਿਲਤਾਵਾਂ ਦੇ ਇਕੱਠੇ ਹੋਣ ਕਾਰਨ ਉਸ ਦੀ ਹਾਲਤ ਲਗਾਤਾਰ ਵਿਗੜਦੀ ਗਈ ਅਤੇ ਆਖਿਰਕਾਰ 21 ਦਸੰਬਰ ਨੂੰ ਉਸ ਦੀ ਮੌਤ ਹੋ ਗਈ।
ਏਮਜ਼ ਨਾਲ ਜੁੜੇ ਸਰਕਾਰੀ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਅਹਾਨਾ ਦੀ ਮੌਤ ਦਾ ਜੰਕ ਫੂਡ ਜਾਂ ਪ੍ਰੋਸੈਸਡ ਖਾਣੇ ਨਾਲ ਸਿੱਧਾ ਕੋਈ ਸਬੰਧ ਨਹੀਂ ਹੈ। ਫਾਸਟ ਫੂਡ ਨਾਲ ਮੌਤ ਹੋਣ ਬਾਰੇ ਕੀਤੇ ਜਾ ਰਹੇ ਦਾਅਵਿਆਂ ਦਾ ਕੋਈ ਵਿਗਿਆਨਕ ਜਾਂ ਮੈਡੀਕਲ ਆਧਾਰ ਨਹੀਂ ਮਿਲਦਾ।
ਮਾਹਿਰਾਂ ਨੇ ਅਪੀਲ ਕੀਤੀ ਹੈ ਕਿ ਸੰਵੇਦਨਸ਼ੀਲ ਮਾਮਲਿਆਂ ਵਿੱਚ ਅਫਵਾਹਾਂ ਫੈਲਾਉਣ ਤੋਂ ਬਚਿਆ ਜਾਵੇ ਅਤੇ ਸਹੀ ਤੱਥਾਂ ’ਤੇ ਹੀ ਭਰੋਸਾ ਕੀਤਾ ਜਾਵੇ।
