ਪਟਿਆਲਾ, 23 ਦਸੰਬਰ (ਗੁਰਪ੍ਰੀਤ ਸਿੰਘ ) : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਗਰ ਨਿਗਮ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਟਿਆਲਾ ਦੇ ਬਾਬਾ ਦੀਪ ਸਿੰਘ ਨਗਰ, ਗੋਬਿੰਦ ਬਾਗ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਸੀਵਰੇਜ ਸਮੱਸਿਆ ਦੇ ਹੱਲ ਵੱਲ ਵੱਡਾ ਕਦਮ ਚੁੱਕਿਆ ਗਿਆ ਹੈ। ਇਸ ਮੌਕੇ ਕੌਂਸਲਰ ਜਯੋਤੀ ਮਰਵਾਹਾ ਨੇ ਕਿਹਾ ਕਿ ਇਲਾਕੇ ਵਿੱਚ ਅਕਸਰ ਆ ਰਹੀ ਗੰਦਗੀ ਅਤੇ ਪਾਣੀ ਭਰਨ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਸੀਵਰੇਜ ਦੇ ਮੇਨਹੋਲਾਂ ਦੀ ਸਾਈਫਨਾ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ ਦੇ ਬਲਾਕ ਪ੍ਰਧਾਨ ਮੋਹਿਤ ਕੁਮਾਰ ਮਰਵਾਹਾ ਨੇ ਦੱਸਿਆ ਕਿ ਇਲਾਕਾ ਵਾਸੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਸੀਵਰੇਜ ਲਾਈਨਾਂ ਦੀ ਗਹਿਰਾਈ ਨਾਲ ਸਫਾਈ ਕਰਵਾਈ ਜਾਵੇ, ਤਾਂ ਜੋ ਮੁੜ ਮੁੜ ਆ ਰਹੀਆਂ ਸਮੱਸਿਆਵਾਂ ਦਾ ਪੱਕਾ ਹੱਲ ਨਿਕਲ ਸਕੇ। ਇਸ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਪਟਿਆਲਾ ਵੱਲੋਂ ਪ੍ਰਸਤਾਵ ਪਾਸ ਕਰਕੇ ਕਰੀਬ 5 ਲੱਖ ਰੁਪਏ ਦੀ ਲਾਗਤ ਨਾਲ ਸਾਈਫਨਾ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਕੰਮ ਸ਼ੁਰੂ ਹੋਣ ਨਾਲ ਨਾ ਸਿਰਫ਼ ਇਲਾਕੇ ਵਿੱਚ ਸੀਵਰੇਜ ਜਾਮ ਹੋਣ ਦੀ ਸਮੱਸਿਆ ਦੂਰ ਹੋਵੇਗੀ, ਸਗੋਂ ਸਫ਼ਾਈ ਅਤੇ ਸਿਹਤ ਸੰਬੰਧੀ ਹਾਲਾਤ ਵੀ ਬਿਹਤਰ ਹੋਣਗੇ। ਇਲਾਕੇ ਦੇ ਨਿਵਾਸੀਆਂ ਨੇ ਵੀ ਇਸ ਉਪਰਾਲੇ ’ਤੇ ਸੰਤੁਸ਼ਟੀ ਜਤਾਈ ਹੈ ਅਤੇ ਨਗਰ ਨਿਗਮ ਦੀ ਟੀਮ ਵੱਲੋਂ ਕੀਤੇ ਜਾ ਰਹੇ ਕੰਮ ਦੀ ਸਰਾਹਨਾ ਕੀਤੀ ਹੈ।
ਬਲਾਕ ਪ੍ਰਧਾਨ ਨੇ ਨਗਰ ਨਿਗਮ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਹਨਤ ਅਤੇ ਸਹਿਯੋਗ ਨਾਲ ਇਹ ਲੰਮੇ ਸਮੇਂ ਤੋਂ ਅਟਕਿਆ ਕੰਮ ਅਮਲ ਵਿੱਚ ਆਇਆ ਹੈ। ਉਨ੍ਹਾਂ ਆਸ ਜਤਾਈ ਕਿ ਭਵਿੱਖ ਵਿੱਚ ਵੀ ਇਲਾਕੇ ਦੀਆਂ ਲੋਕ-ਹਿੱਤ ਸੰਬੰਧੀ ਸਮੱਸਿਆਵਾਂ ਨੂੰ ਇਸੇ ਤਰ੍ਹਾਂ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਂਦਾ ਰਹੇਗਾ।







