ਨਵੀਂ ਤਕਨੀਕ ਨਾਲ ਘਰ-ਘਰੋਂ ਕੂੜਾ ਇਕੱਠਾ ਕਰਕੇ ਵਿਗਿਆਨਕ ਢੰਗ ਨਾਲ ਕੀਤੀ ਜਾਵੇਗੀ ਸੰਭਾਲ
ਪਟਿਆਲਾ, 23 ਦਸੰਬਰ: (ਜਗਜੀਤ ਸਿੰਘ) ਪਟਿਆਲਾ ਸ਼ਹਿਰ ਲਈ ਬਦਨੁਮਾ ਦਾਗ ਬਣੇ ਵੱਡੇ-ਵੱਡੇ ਕੂੜੇ ਦੇ ਢੇਰਾਂ ਤੋਂ ਜਲਦੀ ਹੀ ਨਿਜ਼ਾਤ ਮਿਲਣ ਜਾ ਰਹੀ ਹੈ। ਨਗਰ ਨਿਗਮ ਪਟਿਆਲਾ ਵੱਲੋਂ ਕੂੜਾ ਪ੍ਰਬੰਧਨ ਨੂੰ ਵਿਗਿਆਨਕ ਅਤੇ ਆਧੁਨਿਕ ਢੰਗ ਨਾਲ ਸੁਧਾਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਸਬੰਧਤ ਅਧਿਕਾਰੀਆਂ ਅਤੇ ਏਜੰਸੀ ਨਾਲ ਵਿਸਥਾਰਪੂਰਵਕ ਸਮੀਖਿਆ ਮੀਟਿੰਗ ਕੀਤੀ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿੱਚ ਕੂੜੇ ਦੀ ਸਹੀ ਸੰਭਾਲ ਨਾ ਹੋਣ ਕਾਰਨ ਡੰਪ ਸਾਈਟਾਂ ’ਤੇ ਵੱਡੇ ਢੇਰ ਬਣ ਗਏ ਸਨ, ਜੋ ਸਿਹਤ ਅਤੇ ਵਾਤਾਵਰਣ ਲਈ ਗੰਭੀਰ ਖ਼ਤਰਾ ਬਣੇ ਹੋਏ ਸਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਮੁੱਖ ਟੀਚਾ ਇਨ੍ਹਾਂ ਡੰਪ ਸਾਈਟਾਂ ਨੂੰ ਖਤਮ ਕਰਕੇ ਪਟਿਆਲਾ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਸ਼ਹਿਰ ਬਣਾਉਣਾ ਹੈ।
3–4 ਮਹੀਨਿਆਂ ਵਿੱਚ ਕੰਮ ਮੁਕੰਮਲ ਕਰਨ ਦੇ ਸਖ਼ਤ ਨਿਰਦੇਸ਼: ਕਮਿਸ਼ਨਰ
ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਨਵੀਂ ਤਕਨੀਕ ਅਪਣਾ ਕੇ ਘਰਾਂ ਵਿਚੋਂ ਹੀ ਕੂੜਾ ਇਕੱਠਾ ਕਰਨ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਕੂੜੇ ਨੂੰ ਤਿੰਨ ਮੁੱਖ ਸ਼੍ਰੇਣੀਆਂ ਵਿੱਚ ਵੱਖ ਕੀਤਾ ਜਾਵੇਗਾ। ਪਹਿਲੀ ਸ਼੍ਰੇਣੀ ਆਰ.ਡੀ.ਐਫ. (Refuse Derived Fuel) ਦੀ ਹੋਵੇਗੀ, ਜਿਸਨੂੰ ਉਦਯੋਗਾਂ ਵਿੱਚ ਇੰਧਨ ਵਜੋਂ ਵਰਤਿਆ ਜਾਵੇਗਾ। ਦੂਜੀ ਸ਼੍ਰੇਣੀ ਸੁੱਕੇ ਕੂੜੇ ਦੀ ਹੋਵੇਗੀ, ਜਿਸਦੀ ਰੀਸਾਈਕਲਿੰਗ ਕੀਤੀ ਜਾਵੇਗੀ, ਜਦਕਿ ਤੀਜੀ ਸ਼੍ਰੇਣੀ ਬਾਇਓ-ਸੋਰਸ ਕੂੜੇ ਦੀ ਹੋਵੇਗੀ, ਜਿਸ ਤੋਂ ਖਾਦ ਅਤੇ ਹੋਰ ਉਪਯੋਗੀ ਪਦਾਰਥ ਤਿਆਰ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਨਾ ਸਿਰਫ਼ ਕੂੜੇ ਦੀ ਸਹੀ ਵਰਤੋਂ ਸੰਭਵ ਹੋਵੇਗੀ, ਸਗੋਂ ਡੰਪ ਸਾਈਟਾਂ ’ਤੇ ਜਾਣ ਵਾਲੇ ਕੂੜੇ ਦੀ ਮਾਤਰਾ ਵਿੱਚ ਵੀ ਵੱਡੀ ਕਮੀ ਆਵੇਗੀ। ਮੇਅਰ ਅਤੇ ਕਮਿਸ਼ਨਰ ਨੇ ਸਬੰਧਤ ਏਜੰਸੀ ਨੂੰ 3 ਤੋਂ 4 ਮਹੀਨਿਆਂ ਦੇ ਅੰਦਰ ਅੰਦਰ ਸਾਰਾ ਕੰਮ ਮੁਕੰਮਲ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ।
ਅੰਤ ਵਿੱਚ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੇਅਰ ਅਤੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਹੀ ਸੁੱਕਾ ਅਤੇ ਗਿੱਲਾ ਕੂੜਾ ਵੱਖਰਾ ਕਰਕੇ ਨਗਰ ਨਿਗਮ ਦੀਆਂ ਟੀਮਾਂ ਨੂੰ ਸਹਿਯੋਗ ਦੇਣ, ਕਿਉਂਕਿ ਲੋਕਾਂ ਦੀ ਭਾਗੀਦਾਰੀ ਤੋਂ ਬਿਨਾਂ ਇਹ ਮੁਹਿੰਮ ਸਫਲ ਨਹੀਂ ਹੋ ਸਕਦੀ।







